ਖੇਤਰੀ ਪ੍ਰਤੀਨਿਧ
ਪਟਿਆਲਾ, 10 ਜੂਨ
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਇਥੇ ਪਟਿਆਲਾ ਜੇਲ੍ਹ ’ਚ ਬੰਦ ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨਾਲ ਮੁਲਾਕਾਤ ਕੀਤੀ। ਇਹ ਮੁਲਾਕਾਤ ਕਰੀਬ ਪੌਣਾ ਘੰਟਾ ਚੱਲੀ। ਉਪਰੰਤ ਸ੍ਰੀ ਬਾਜਵਾ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਬੀਤੇ ਕੱਲ੍ਹ ਸਮਾਂ ਦੇ ਕੇ ਆਪਣੀ ਰਿਹਾਇਸ਼ ’ਤੇ ਸੱਦੇ ਕਾਂਗਰਸੀ ਵਫ਼ਦ ਨੂੰ ਨਾ ਮਿਲਣਾ ਠੀਕ ਨਹੀਂ ਹੈ ਅਤੇ ਇਸ ਰਵੱਈਏ ਨੇ ਉਨ੍ਹਾਂ ਦੇ ਗ਼ੈਰ-ਤਜਰਬੇਕਾਰ ਹੋਣ ਦਾ ਵੀ ਸਬੂਤ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਭਗਵੰਤ ਮਾਨ ਦੇ ਮੱਥੇ ਨਹੀਂ ਲੱਗਣਗੇ। ਉਨ੍ਹਾਂ ਕਿਹਾ ਕਿ ਜੇਕਰ ਉਨ੍ਹਾਂ ਸਮਾਂ ਨਾ ਲਿਆ ਹੁੰਦਾ ਤਾਂ ਵਫ਼ਦ ਨੂੰ ਅੰਦਰ ਦਾਖਲ ਨਹੀਂ ਸੀ ਹੋਣ ਦੇਣਾ। ਉਨ੍ਹਾਂ ਕਿਹਾ ਕਿ ਪਹਿਲਾਂ ਵਫ਼ਦ ਨੂੰ ਕਾਨਫਰੰਸ ਰੂਮ ਵਿੱਚ ਬਿਠਾ ਲਿਆ ਗਿਆ ਸੀ, ਪਰ ਮਗਰੋਂ ਕਥਿਤ ਪਾਰਟੀ ਸੁਪਰੀਮੋ ਦੇ ਕਹਿਣ ’ਤੇ ਮੁੱਖ ਮੰਤਰੀ ਨੇ ਵਫ਼ਦ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਬਾਜਵਾ ਨੇ ਦੋਸ਼ ਲਾਇਆ ਕਿ ਮੁੱਖ ਮੰਤਰੀ ਨੇ ਕਾਂਗਰਸੀ ਵਫ਼ਦ ਦੀ ਗੱਲ ਸੁਣੇ ਬਿਨਾਂ ਹੀ ਇਸ ਫੇਰੀ ਨੂੰ ਸ੍ਰੀ ਧਰਮਸੋਤ ਦੇ ਮਾਮਲੇ ਨਾਲ ਜੋੜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸੀ ਵਫ਼ਦ ਤਾਂ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਦੀ ਜਾਂਚ ਕੇਂਦਰੀ ਏਜੰਸੀ ਨੂੰ ਦੇਣ ਦੀ ਮੰਗ ਸਬੰਧੀ ਗਿਆ ਸੀ।
ਕਾਂਗਰਸੀ ਵਫ਼ਦ ਨਾਲ ਕੀਤੇ ਮਾੜੇ ਸਲੂਕ ਦਾ ਹਿਸਾਬ ਲਿਆ ਜਾਵੇਗਾ: ਰੰਧਾਵਾ
ਧੂਰੀ (ਖੇਤਰੀ ਪ੍ਰਤੀਨਿਧ): ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਚੰਡੀਗੜ੍ਹ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਰਿਹਾਇਸ ’ਤੇ ਮਿਲਣ ਗਏ ਕਾਂਗਰਸੀ ਆਗੂਆਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਜੋ ਮਾੜਾ ਸਲੂਕ ਕੀਤਾ ਹੈ, ਉਸ ਦਾ ਹਿਸਾਬ ਕਾਂਗਰਸ ਪਾਰਟੀ ਸਮਾਂ ਆਉਣ ’ਤੇ ਜ਼ਰੂਰ ਲਵੇਗੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਚੀਮਾ ਦੋਵਾਂ ਦੇ ਬਿਆਨ ਵੱਖੋ-ਵੱਖਰੇ ਹਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ‘ਆਪ’ ਸਰਕਾਰ ਕਾਂਗਰਸੀ ਆਗੂਆਂ ’ਤੇ ਝੂਠੇ ਦੋਸ਼ ਲਾ ਰਹੀ ਹੈ। ਸ੍ਰੀ ਰੰਧਾਵਾ ਅੱਜ ਇਥੇ ਲੋਕ ਸਭਾ ਸੰਗਰੂਰ ਜ਼ਿਮਨੀ ਚੋਣ ਵਿੱਚ ਕਾਂਗਰਸੀ ਉਮੀਦਵਾਰ ਦਲਵੀਰ ਸਿੰਘ ਗੋਲਡੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਲਈ ਆਏ ਸਨ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਦੇ ਮਾੜੇ ਵਤੀਰੇ ਤੋਂ ਬਾਅਦ ਲਗਾਏ ਧਰਨੇ ਵਿੱਚ ਸ਼ਾਮਲ ਪੰਜਾਬ ਲਈ ਸ਼ਹੀਦ ਹੋਏ ਕਾਂਗਰਸੀ ਪਰਿਵਾਰ ਦੇ ਮੈਂਬਰਾਂ ਨੂੰ ਵੀ ਜ਼ਲੀਲ ਕੀਤਾ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ’ਚ ਕਾਂਗਰਸ ਪਾਰਟੀ ਦੀ ਸਰਕਾਰ ਬਣਨ ’ਤੇ ਮੁੱਖ ਮੰਤਰੀ ਮਾਨ ਨੂੰ ਆਪਣੀਆਂ ਕੀਤੀਆਂ ਗ਼ਲਤੀਆਂ ਦਾ ਅਹਿਸਾਸ ਹੋਵੇਗਾ। ਪੰਜਾਬੀਆਂ ਨੂੰ ਕਰੀਬ ਢਾਈ ਮਹੀਨੇ ਵਿੱਚ ਹੀ ਬਦਲਾਅ ਦੇ ਨਾਂ ’ਤੇ ਕੀਤੀ ਗ਼ਲਤੀ ਦਾ ਅਹਿਸਾਸ ਹੋ ਗਿਆ ਹੈ ਤੇ ਜ਼ਿਮਨੀ ਚੋਣ ’ਚ ਲੋਕ ਕਾਂਗਰਸੀ ਉਮੀਦਵਾਰ ਨੂੰ ਜਿਤਾ ਕੇ ਇਸ ਦਾ ਸਬੂਤ ਦੇ ਦੇਣਗੇ।