ਰਾਜਿੰਦਰ ਕੁਮਾਰ
ਬੱਲੂਆਣਾ (ਅਬੋਹਰ), 30 ਮਈ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਸਰਕਾਰ ਬਿਜਲੀ ਦਰਾਂ ਵਿਚ ਕਟੌਤੀ ਕਰਨ ਦੇ ਝੂਠੇ ਦਾਅਵੇ ਕਰ ਕੇ ਪੰਜਾਬੀਆਂ ਨਾਲ ਧੋਖਾ ਕਰ ਰਹੀ ਹੈ ਜਦੋਂਕਿ ਅਸਲ ਵਿਚ ਇਸ ਨੇ ਸਨਅਤ ਤੇ ਹਸਪਤਾਲ ਸੈਕਟਰਾਂ ਲਈ ਬਿਜਲੀ ਦਰਾਂ ਵਿਚ ਵਾਧਾ ਕੀਤਾ ਹੈ। ਸ੍ਰੀ ਬਾਦਲ ਇੱਥੇ ਸੀਨੀਅਰ ਆਗੂ ਰਾਜਿੰਦਰ ਦੀਪਾ ਤੇ ਡਾ. ਮਹਿੰਦਰ ਸਿੰਘ ਰਿਣਵਾ ਨਾਲ ਅਰੋੜਾ ਸਮਾਜ ਦੇ ਸੰਸਥਾਪਕ ਅਰੂਟ ਜੀ ਮਹਾਰਾਜ ਦੇ ਜਨਮ ਦਿਹਾੜੇ ਸਬੰਧੀ ਸਮਾਗਮ ਵਿਚ ਸ਼ਾਮਲ ਹੋਣ ਆਏ ਸਨ।
ਸ੍ਰੀ ਬਾਦਲ ਨੇ ਕਿਹਾ ਕਿ ਅਰੋੜਾ ਭਾਈਚਾਰੇ ਨੇ ਅਰਥਚਾਰੇ ਦੀ ਮਜ਼ਬੂਤੀ ਵਿਚ ਅਹਿਮ ਰੋਲ ਨਿਭਾਇਆ ਹੈ। ਭਾਈਚਾਰੇ ਨੇ ਹਰਗੋਬਿੰਦ ਖੁਰਾਣਾ, ਕਲਪਨਾ ਚਾਵਨਾ, ਲੈਫਟੀਨੈਂਟ ਜਨਰਲ ਜੇਐਸ ਅਰੋੜਾ ਤੇ ਅੰਮ੍ਰਿਤਾ ਪ੍ਰੀਤਮ ਵਰਗੀਆਂ ਹਸਤੀਆਂ ਸਮਾਜ ਨੂੰ ਦਿੱਤੀਆਂ ਹਨ। ਉਨ੍ਹਾਂ ਐਲਾਨ ਕੀਤਾ ਕਿ ਸੂਬੇ ’ਚ ਅਕਾਲੀ ਸਰਕਾਰ ਬਣਨ ਮਗਰੋਂ ਅਰੂਟ ਜੀ ਮਹਾਰਾਜ ਦੇ ਨਾਂ ’ਤੇ ਵੱਡੀ ਯਾਦਗਾਰ ਬਣਾਈ ਜਾਵੇਗੀ।
ਸ੍ਰੀ ਬਾਦਲ ਨੇ ਕਿਹਾ ਕਿ ਕਾਂਗਰਸ ਨੇ ਸਿਰਫ਼ ਉਨ੍ਹਾਂ ਖ਼ਪਤਕਾਰਾਂ ਦੇ ਬਿਜਲੀ ਬਿੱਲ ਘਟਾਏ ਹਨ ਜਿਨ੍ਹਾਂ ਦਾ ਲੋਡ ਦੋ ਕਿਲੋਵਾਟ ਤੱਕ ਹੈ ਤੇ ਉਹ 200 ਤੋਂ ਘੱਟ ਯੂਨਿਟ ਬਿਜਲੀ ਖ਼ਰਚਦੇ ਹਨ। ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਦੀ ਅਗਵਾਈ ਵਾਲੀ ਸਰਕਾਰ ਵੇਲੇ ਇਸ ਵਰਗ ਨੂੰ ਬਿਜਲੀ ਮੁਫ਼ਤ ਦਿੱਤੀ ਜਾਂਦੀ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਦਯੋਗਾਂ ਦੇ ਨਾਲ-ਨਾਲ ਚੈਰੀਟੇਬਲ ਹਸਪਤਾਲਾਂ ਵਾਸਤੇ ਵੀ ਬਿਜਲੀ ਦਰਾਂ ਵਿੱਚ ਵਾਧਾ ਕਰ ਦਿੱਤਾ ਹੈ। ਹੈਰਾਨੀ ਵਾਲੀ ਗੱਲ ਹੈ ਕਿ ਸਰਕਾਰ ਆਮ ਆਦਮੀ ਦੇ ਨਾਲ ਨਾਲ ਵਪਾਰ ਤੇ ਉਦਯੋਗਾਂ ਦੇ ਛੇ ਮਹੀਨੇ ਦੇ ਬਿਜਲੀ ਬਿੱਲ ਮੁਆਫ਼ ਕਰਨ ਦੀ ਥਾਂ ਸਿਰਫ਼ ਵਾਅਦਿਆਂ ਦੀ ਸਿਆਸਤ ਕਰ ਰਹੀ ਹੈ।
ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਚੁਣੌਤੀ ਦਿੱਤੀ ਕਿ ਉਹ 2022 ਦੀਆਂ ਚੋਣਾਂ ਅਬੋਹਰ ਤੋਂ ਲੜ ਕੇ ਦਿਖਾਉਣ। ਪਾਰਟੀ ਬਾਰੇ ਗੱਲ ਕਰਦਿਆਂ ਸ੍ਰੀ ਬਾਦਲ ਨੇ ਕਿਹਾ ਕਿ ਉਨ੍ਹਾਂ ਦਾ ਫਲਸਫਾ ਪੰਜਾਬ ਵਿਚ ਸ਼ਾਂਤੀ, ਫ਼ਿਰਕੂ ਸਦਭਾਵਨਾ ਤੇ ਸਮਾਜ ਦੇ ਸਾਰੇ ਵਰਗਾਂ ਵਿਚ ਸਾਂਝ ਬਣਾਈ ਰੱਖਣਾ ਯਕੀਨੀ ਬਣਾਉਣਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਲਈ ਕੁਝ ਨਹੀਂ ਕੀਤਾ। ਇਸੇ ਕਾਰਨ ਲੋਕ ਆਪਣੀਆਂ ਇੱਛਾਵਾਂ ਤੇ ਆਸਾਂ ਦੀ ਪੂਰਤੀ ਲਈ ਅਕਾਲੀ ਦਲ ਵੱਲ ਦੇਖ ਰਹੇ ਹਨ।