ਗੁਰਬਖਸ਼ਪੁਰੀ
ਤਰਨ ਤਾਰਨ, 29 ਜਨਵਰੀ
ਖਡੂਰ ਸਾਹਿਬ ਹਲਕੇ ਤੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਅਤੇ ਮੌਜੂਦਾ ਵਿਧਾਇਕ ਰਮਨਜੀਤ ਸਿੰਘ ਸਿੱਕੀ ਨੂੰ ਬੈਂਕ ਆਫ਼ ਇੰਡੀਆ ਜਲੰਧਰ ਦੀ ਇਕ ਸ਼ਾਖਾ ਨੇ 6.35 ਕਰੋੜ ਰੁਪਏ ਨਾ ਮੋੜਨ ਕਾਰਨ ਡਿਫਾਲਟਰ ਐਲਾਨਿਆ ਹੋਇਆ ਹੈ। ਬੈਂਕ ਵੱਲੋਂ ਮੁੱਖ ਚੋਣ ਕਮਿਸ਼ਨ (ਸੀਈਸੀ) ਨੂੰ ਇਕ ਪੱਤਰ ਲਿਖ ਕੇ ਸਿੱਕੀ ਦਾ ਨਾਮਜ਼ਦਗੀ ਪੱਤਰ ਨਾ ਦਾਖ਼ਲ ਕਰਨ ਦੀ ਅਪੀਲ ਵੀ ਕੀਤੀ ਗਈ ਸੀ। ਦੂਜੇ ਪਾਸੇ ਰਮਨਜੀਤ ਸਿੱਕੀ ਨੇ ਅੱਜ ਆਪਣੇ ਨਾਮਜ਼ਦਗੀ ਕਾਗਜ਼ ਦਾਖ਼ਲ ਕੀਤੇ ਹਨ। ਬੈਂਕ ਦਾ ਇਹ ਪੱਤਰ ਸਿੱਕੀ ਲਈ ਮੁਸ਼ਕਲਾਂ ਦਾ ਕਾਰਨ ਬਣ ਸਕਦਾ ਹੈ। ਸ੍ਰੀ ਸਿੱਕੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਬੰਧੀ ਕਦੇ ਵੀ ਕੋਈ ਨੋਟਿਸ ਜਾਰੀ ਨਹੀਂ ਹੋਇਆ ਅਤੇ ਉਸ ਨੇ ਸਾਰਾ ਕੁਝ ਸੋਸ਼ਲ ਮੀਡੀਆ ਤੋਂ ਹੀ ਦੇਖਿਆ ਹੈ। ਉਨ੍ਹਾਂ ਕਿਹਾ ਕਿ ਇਹ ਪੱਤਰ ਵੀ ਹੋਰਨਾਂ ਕਈ ਦਸਤਾਵੇਜ਼ਾਂ ਦੀ ਤਰ੍ਹਾਂ ਜਾਅਲੀ ਹੋ ਸਕਦਾ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਵਧੀਕ ਡਿਪਟੀ ਕਮਿਸ਼ਨਰ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਇਸ ਪੱਤਰ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਦੇਸ਼ ਦੇ ਮੁੱਖ ਚੋਣ ਕਮਿਸ਼ਨ ਨੂੰ ਬੈਂਕ ਵੱਲੋਂ ਲਿਖਿਆ ਪੱਤਰ ਜ਼ਿਲ੍ਹਾ ਚੋਣ ਅਧਿਕਾਰੀ ਤੇ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਖਡੂਰ ਸਾਹਿਬ ਹਲਕੇ ਦੇ ਰਿਟਰਨਿੰਗ ਅਧਿਕਾਰੀ ਨੂੰ ਲੋੜੀਂਦੀ ਕਾਰਵਾਈ ਕਰਨ ਲਈ ਰੈੱਫਰ ਕਰ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਖਡੂਰ ਸਾਹਿਬ ਹਲਕੇ ਤੋਂ ਅਕਾਲੀ ਦਲ ਵੱਲੋਂ ਨਾਮਜ਼ਦਗੀ ਪਰਚੇ ਦਾਖ਼ਲ ਕਰਨ ਵਾਲੇ ਰਵਿੰਦਰ ਸਿੰਘ ਬ੍ਰਹਮਪੁਰਾ ਨੇ ਕਿਹਾ ਕਿ ਉਹ ਸਿੱਕੀ ਨੂੰ ਬੈਂਕ ਵੱਲੋਂ ਡਿਫਾਲਟਰ ਕਰਾਰ ਦਿੱਤੇ ਹੋਣ ਦਾ ਮਾਮਲਾ ਰਿਟਰਨਿੰਗ ਅਧਿਕਾਰੀ ਕੋਲ ਉਠਾਉਣਗੇ। ਬੈਂਕ ਨੇ ਕਿਹਾ ਕਿ ਸਿੱਕੀ ਨੇ ਲਏ ਹੋਏ ਕਰਜ਼ੇ ਦੀ ਇਕ ਕਿਸ਼ਤ ਵੀ ਬੈਂਕ ਨੂੰ ਜਮ੍ਹਾਂ ਨਹੀਂ ਕਰਵਾਈ, ਜਿਸ ਕਰਕੇ ਉਨ੍ਹਾਂ ਦਾ ਖਾਤਾ ਬੰਦ ਕਰ ਦਿੱਤਾ ਗਿਆ ਸੀ।