ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 31 ਜੁਲਾਈ
ਕੁੱਲ ਹਿੰਦ ਕਾਂਗਰਸ ਕਮੇਟੀ ਨੇ ਪੰਜਾਬ ਕਾਂਗਰਸ ਦੇ ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰਟੀਆਈ ਵਿਭਾਗ ਦੇ ਚੇਅਰਮੈਨ ਦੀ ਜ਼ਿੰਮੇਵਾਰੀ ਬਿਪਨ ਘਈ ਨੂੰ ਸੌਂਪੀ ਹੈ ਜੋ ਕਿ ‘ਆਪ’ ਸਰਕਾਰ ਦੇ ਅਟਾਰਨੀ ਜਨਰਲ ਵਿਨੋਦ ਘਈ ਦੇ ਭਰਾ ਹਨ। ਕਾਂਗਰਸ ਨੇ ਐਡਵੋਕੇਟ ਜਨਰਲ ਦੇ ਭਰਾ ਐਡਵੋਕੇਟ ਬਿਪਨ ਘਈ ਨੂੰ ਇਹ ਜ਼ਿੰਮੇਵਾਰੀ ਸੌਂਪ ਕੇ ਨਵੇਂ ਸਿਆਸੀ ਚਰਚੇ ਛੇੜ ਦਿੱਤੇ ਹਨ। ਹਾਲਾਂਕਿ ਸਿਆਸਤ ਵਿੱਚ ਇਹ ਆਮ ਵਰਤਾਰਾ ਹੈ ਕਿ ਸਕੇ ਭਰਾਵਾਂ ਦੇ ਵੀ ਕਈ ਵਾਰੀ ਸਿਆਸੀ ਤਾਰ ਅਲੱਗ-ਅਲੱਗ ਜੁੜੇ ਹੁੰਦੇ ਹਨ। ਕੁੱਲ ਹਿੰਦ ਕਾਂਗਰਸ ਕਮੇਟੀ ਦੇ ਕਾਨੂੰਨੀ, ਮਨੁੱਖੀ ਅਧਿਕਾਰ ਅਤੇ ਆਰਟੀਆਈ ਵਿਭਾਗ ਦੇ ਸਕੱਤਰ ਐਡਵੋਕੇਟ ਵਿਪੁਲ ਮਹੇਸ਼ਵਰੀ ਨੇ ਪੱਤਰ ਜਾਰੀ ਕਰਕੇ ਬਿਪਨ ਘਈ ਤੋਂ ਇਲਾਵਾ ਸੰਤ ਪਾਲ ਸਿੰਘ ਸਿੱਧੂ ਨੂੰ ਸੀਨੀਅਰ ਵਾਈਸ ਚੇਅਰਮੈਨ, ਗੁਰਵਿੰਦਰ ਸਿੰਘ ਸੰਧੂ ਨੂੰ ਵਾਈਸ ਚੇਅਰਮੈਨ, ਭੁਪਿੰਦਰ ਘਈ ਤੇ ਏਪੀਐਸ ਸੰਧੂ ਨੂੰ ਜਨਰਲ ਸਕੱਤਰ, ਦੀਪਾਂਸ਼ੂ ਮਹਿਤਾ, ਅਪੂਰਵਾ ਆਰੀਆ ਤੇ ਜੈਨਿਕਾ ਜੈਨ ਨੂੰ ਸਕੱਤਰ ਤੇ ਅਰਸ਼ਪ੍ਰੀਤ ਖਡਿਆਲ ਨੂੰ ਸਪੋਕਸਮੈਨ ਨਿਯੁਕਤ ਕੀਤਾ ਹੈ।
ਪਤਾ ਲੱਗਾ ਹੈ ਕਿ ਨਵੇਂ ਬਣਾਏ ਅਹੁਦੇਦਾਰਾਂ ’ਚੋਂ ਇੱਕ ਅਹੁਦੇਦਾਰਾਂ ਨੇ ਅਹੁਦਾ ਲੈਣ ਤੋਂ ਇਨਕਾਰ ਕਰ ਦਿੱਤਾ ਹੈ ਜਿਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋ ਸਕੀ ਹੈ। ਸਿਆਸੀ ਹਲਕਿਆਂ ਵਿਚ ਇਹ ਵੀ ਚਰਚੇ ਹਨ ਕਿ ਕਾਂਗਰਸ ਪਾਰਟੀ ਨੇ ਐਡਵੋਕੇਟ ਜਨਰਲ ਦੇ ਸਕੇ ਭਰਾ ਬਿਪਨ ਘਈ ਜੋ ਸੀਨੀਅਰ ਐਡਵੋਕੇਟ ਹਨ, ਨੂੰ ਪਾਰਟੀ ਵਿਚ ਚੇਅਰਮੈਨ ਦਾ ਅਹੁਦਾ ਦੇ ਕੇ ਨਵਾਂ ਸਿਆਸੀ ਦਾਅ ਖੇਡਿਆ ਹੈ। ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਨੇ ਸੀਨੀਅਰ ਵਕੀਲਾਂ ਦੀ ਇਸ ਨਵੀਂ ਟੀਮ ਨੂੰ ਵਧਾਈ ਦਿੱਤੀ ਹੈ।