ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 9 ਦਸੰਬਰ
‘ਆਪ’ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪਾਵਰਕੌਮ ਨੂੰ ਵਿੱਤੀ ਘਾਟੇ ’ਚ ਡੋਬਣ ਲਈ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਜਿਨ੍ਹਾਂ ਨੇ ਵੋਟਾਂ ਦੀ ਫ਼ਸਲ ਵੱਢਣ ਲਈ ਜਿੱਥੇ ਪਾਵਰਕੌਮ ਨੂੰ ਸਬਸਿਡੀਆਂ ਦੀਆਂ ਦਲਦਲ ਵਿੱਚ ਸੁੱਟਿਆ ਹੈ, ਉੱਥੇ ਹੀ ਮਾਰੂ ਬਿਜਲੀ ਸਮਝੌਤਿਆਂ ਅਤੇ ਬਿਜਲੀ ਮਾਫ਼ੀਆ ਕਾਰਨ ਅਦਾਰੇ ਦੀ ਲੁੱਟ ਦਾ ਰਾਹ ਖੋਲ੍ਹਿਆ ਹੈ। ਉਨ੍ਹਾਂ ਕਿਹਾ ਕਿ ਪਾਵਰਕੌਮ ਦੇ ਸਿਰ ਦੇਣਦਾਰੀਆਂ ਭਾਰ ਵੱਧਦਾ ਜਾਂਦਾ ਹੈ ਅਤੇ ਆਮਦਨ ਘਟਦੀ ਜਾਂਦੀ ਹੈ। ਪੰਜਾਬ ’ਚ ਰੌਸ਼ਨੀ ਅਤੇ ਖੇਤਾਂ ਨੂੰ ਸਿੰਝਣ ਦਾ ਕੰਮ ਕਰਨ ਵਾਲਾ ਸਰਕਾਰੀ ਅਦਾਰਾ ਪਾਵਰਕੌਮ 2000 ਕਰੋੜ ਰੁਪਏ ਦੇ ਵਿੱਤੀ ਘਾਟੇ ’ਚ ਡੁੱਬ ਗਿਆ ਹੈ। ਜਿਸ ਦਾ ਮੁੱਖ ਕਾਰਨ ਹੈ ਕਿ ਸਰਕਾਰੀ ਅਦਾਰੇ ਬਿਜਲੀ ਦੇ ਬਿੱਲਾਂ ਦਾ ਭੁਗਤਾਨ ਨਹੀਂ ਕਰ ਰਹੇ, ਉੱਥੇ ਹੀ ਸਰਕਾਰਾਂ ਨੇ ਸਬਸਿਡੀਆਂ ਦੀ ਰਕਮ ਅਦਾਰੇ ਨੂੰ ਨਹੀਂ ਦਿੱਤੀਆਂ।