ਦਵਿੰਦਰ ਪਾਲ
ਚੰਡੀਗੜ੍ਹ, 2 ਸਤੰਬਰ
ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਦੋਸ਼ ਲਾਇਆ ਕਿ ‘ਗੱਲ ਪੰਜਾਬ ਦੀ’ ਮੁਹਿੰਮ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਇਕੱਠਾਂ ਦੌਰਾਨ ਕਾਂਗਰਸ ਪਾਰਟੀ ਵੱਲੋਂ ਕੇਂਦਰ ਸਰਕਾਰ ਨਾਲ ਰਲ ਕੇ ਰੋਸ ਵਿਖਾਵੇ ਕੀਤੇ ਜਾ ਰਹੇ ਹਨ, ਜੋ ਪੰਜਾਬ ਦੀ ਸ਼ਾਂਤੀ ਨੂੰ ਭੰਗ ਕਰਨ ਅਤੇ ਸੂਬੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਵਾਉਣ ਦੀ ਡੂੰਘੀ ਸਾਜ਼ਿਸ਼ ਦਾ ਹਿੱਸਾ ਹਨ।
ਅੱਜ ਇੱਥੇ ਸ੍ਰੀ ਮਜੀਠੀਆ ਨੇ ਕਿਹਾ ਕਿ ਵਿਘਨ ਪਾਉਣ ਦੀ ਸਾਜ਼ਿਸ਼ ਦੇ ਦੋ ਮੰਤਵ ਹਨ ਪਹਿਲਾ, ਪੰਜਾਬ ਵਿਚ ਵਿਧਾਨ ਸਭਾ ਚੋਣਾਂ ਮੁਲਤਵੀ ਕਰਵਾਉਣਾ ਤੇ ਦੂਜਾ ਸ਼ਾਂਤੀਪੂਰਨ ਕਿਸਾਨ ਸੰਘਰਸ਼ ਨੂੰ ਬਦਨਾਮ ਕਰਨਾ। ਉਨ੍ਹਾਂ ਕਿਹਾ ਕਿ ਸੀਨੀਅਰ ਕਿਸਾਨ ਆਗੂ ਇਸ ਸਾਜ਼ਿਸ਼ ਤੋਂ ਚਿੰਤਤ ਹਨ ਤੇ ਇਸੇ ਲਈ ਉਨ੍ਹਾਂ ਨੇ ਸਪੱਸ਼ਟ ਹਦਾਇਤਾਂ ਕੀਤੀਆਂ ਹਨ ਕਿ ਸਿਰਫ ਭਾਜਪਾ ਜੋ ਕਿ ਤਿੰਨ ਖੇਤੀ ਕਾਨੂੰਨ ਰੱਦ ਕਰਨ ਤੋਂ ਇਨਕਾਰੀ ਹੈ, ਦੇ ਆਗੂਆਂ ਦੇ ਪੰਜਾਬ ’ਚ ਸਿਆਸੀ ਪ੍ਰੋਗਰਾਮਾਂ ਦੌਰਾਨ ਹੀ ਰੋਸ ਵਿਖਾਵੇ ਕੀਤੇ ਜਾਣ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਐੱਨ.ਕੇ. ਸ਼ਰਮਾ ਵੀ ਹਾਜ਼ਰ ਸਨ।
ਮਜੀਠੀਆ ਨੇ ਤਸਵੀਰਾਂ ਤੇ ਵੀਡੀਓ ਸਬੂਤ ਪੇਸ਼ ਕਰ ਕੇ ਕਾਂਗਰਸ ਤੇ ‘ਆਪ’ ਵਰਕਰਾਂ ਵੱਲੋਂ ਅਕਾਲੀ ਦਲ ਦੇ ਪ੍ਰੋਗਰਾਮਾਂ ਵਿਚ ਵਿਘਨ ਪਾਉਣ ਅਤੇ ਉਨ੍ਹਾਂ ਦੀ ਕਾਰ ’ਤੇ ਹਮਲਾ ਕਰਨ ਦੇ ਨਾਲ-ਨਾਲ ਅੱਜ ਮੋਗਾ ਵਿਚ ਕੀਤੀ ਹਿੰਸਾ ਕਰਨ ਦੀ ਕਥਿਤ ਸਾਜ਼ਿਸ਼ ਬੇਨਕਾਬ ਕੀਤੀ। ਉਨ੍ਹਾਂ ਨੇ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਮੈਂਬਰ ਹਰਵਿੰਦਰ ਰਾਣਾ ਦੀ ਕਾਂਗਰਸੀ ਵਿਧਾਇਕ ਬਲਵਿੰਦਰ ਲਾਡੀ ਨਾਲ ਤਸਵੀਰ ਅਤੇ ਸੋਸ਼ਲ ਮੀਡੀਆ ਪੋਸਟ ਪੇਸ਼ ਕੀਤੀ, ਜਿਸ ਨੇ ਕਿਸਾਨ ਬਣ ਕੇ ਮੰਗਲਵਾਰ ਨੂੰ ਉਨ੍ਹਾਂ ਖ਼ਿਲਾਫ਼ ਰੋਸ ਮੁਜ਼ਾਹਰੇ ਦੀ ਅਗਵਾਈ ਕੀਤੀ ਸੀ। ਉਨ੍ਹਾਂ ਨੇ ਲਾਡੀ ਦੇ ਇੱਕ ਹੋਰ ਸਮਰਥਕ ਪਿੰਟੂ ਸ਼ਾਹ ਪੰਨੂ ਦੀ ਤਸਵੀਰ ਵੀ ਜਾਰੀ ਕੀਤੀ ਜੋ ਸ੍ਰੀ ਹਰਿਗੋਬਿੰਦਪੁਰ ਰੋਸ ਵਿਖਾਵੇ ਦਾ ਹਿੱਸਾ ਸੀ। ਉਨ੍ਹਾਂ ਨੇ ਕਾਂਗਰਸੀ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਵਿਧਾਇਕ ਦਰਸ਼ਨ ਬਰਾੜ ਅਤੇ ਰਵਨੀਤ ਬਿੱਟੂ ਦੇ ਉਨ੍ਹਾਂ ਸਮਰਥਕਾਂ ਦੀਆਂ ਤਸਵੀਰਾਂ ਵੀ ਜਾਰੀ ਕੀਤੀਆਂ ਜੋ ਕਿਸਾਨ ਬਣ ਕੇ ਰੋਸ ਮੁਜ਼ਾਹਰੇ ਵਿੱਚ ਸ਼ਾਮਲ ਹੋਏ ਸਨ।
ਮਜੀਠੀਆ ਨੇ ਕਿਹਾ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ‘ਗੱਲ ਪੰਜਾਬ ਦੀ’ ਪ੍ਰੋਗਰਾਮਾਂ ਵਿੱਚ ਵਿਘਨ ਪਾਉਣ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਮਰਾਲਾ ’ਚ ਰੋਸ ਪ੍ਰਦਰਸ਼ਨ ਦੀ ਅਗਵਾਈ ਕਰਨ ਵਾਲਿਆਂ ਦੀ ਪਛਾਣ ਵੀ ਕਾਂਗਰਸੀ ਵਰਕਰਾਂ ਵਜੋਂ ਹੋਈ ਹੈ। ਜਦਕਿ ਮਲੋਟ ਵਿਚ ਜਿਹੜੇ ‘ਕਿਸਾਨ ਆਗੂ’ ਰੋਸ ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਸਨ, ਉਨ੍ਹਾਂ ਵਿਚ ਲੱਖਾ ਸ਼ਾਮਲ ਸੀ ਜੋ ਕਿ ‘ਆਪ’ ਦਾ ਖਾਸ ਕਾਰਕੁਨ ਹੈ। ਮਜੀਠੀਆ ਨੇ ਕਿਹਾ, ‘ਇਹ ਬਹੁਤ ਮੰਦਭਾਗਾ ਹੈ ਕਿ ਪੰਜਾਬ ਪੁਲੀਸ ਇਸ ਪੰਜਾਬ ਵਿਰੋਧੀ ਸਾਜ਼ਿਸ਼ ਦਾ ਹਿੱਸਾ ਬਣੀ ਹੋਈ ਹੈ, ਤਾਂ ਜੋ ਮਿਹਨਤ ਨਾਲ ਹਾਸਲ ਕੀਤੀ ਸੂਬੇ ਦੀ ਸ਼ਾਂਤੀ ਭੰਗ ਕੀਤੀ ਜਾ ਸਕੇ।’
ਵਿਧਾਨ ਸਭਾ ਦੇ ਪੂਰਨ ਇਜਲਾਸ ਦੀ ਮੰਗ
ਮਜੀਠੀਆ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਧਾਨ ਸਭਾ ਦੇ ਸੱਦੇ ਗਏ ਇਕ ਰੋਜ਼ਾ ਇਜਲਾਸ ਤੋਂ ਬਾਅਦ ਵਿਧਾਨ ਸਭਾ ਦਾ ਪੂਰਨ ਇਜਲਾਸ ਹੋਣਾ ਚਾਹੀਦਾ ਹੈ, ਜਿਸ ਵਿਚ ਪੰਜਾਬ ਦੇ ਭਖਦੇ ਮਸਲਿਆਂ ਬਾਰੇ ਚਰਚਾ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਕਾਂਗਰਸ ਸਰਕਾਰ ਲੋਕਾਂ ਦਾ ਸਾਹਮਣਾ ਕਰਨ ਤੋਂ ਭੱਜ ਰਹੀ ਹੈ ਅਤੇ ਕਾਂਗਰਸ ਵੱਲੋਂ ਵਿਸ਼ੇਸ਼ ਇਜਲਾਸ ’ਚ ਹਾਜ਼ਰ ਹੋਣ ਲਈ ਆਪਣੇ ਵਿਧਾਇਕਾਂ ਨੂੰ ਵਿਪ੍ਹ ਜਾਰੀ ਕਰਨਾ ਹੈਰਾਨੀਜਨਕ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੈਸ਼ਨ ਨੂੁੰ ਵਧਾਇਆ ਜਾਵੇ।
ਬਾਦਲਾਂ ਦਾ ਵਿਰੋਧ ‘ਆਪ’ ਨਹੀਂ ਆਮ ਲੋਕ ਤੇ ਕਿਸਾਨ ਕਰ ਨੇ: ਮੀਤ ਹੇਅਰ
ਚੰਡੀਗੜ੍ਹ (ਟਨਸ): ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਭਾਜਪਾ ਦੇ ਨਾਲ-ਨਾਲ ਸ਼੍ਰੋਮਣੀ ਅਕਾਲੀ ਦਲ ਦਾ ਵਿਰੋਧ ‘ਆਪ’ ਵਰਕਰ ਨਹੀਂ ਆਮ ਲੋਕ ਅਤੇ ਕਿਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ‘ਆਪ’ ਖ਼ਿਲਾਫ਼ ਬੇਤੁਕੀ ਬਿਆਨਬਾਜ਼ੀ ਕਰਨ ਤੋਂ ਗੁਰੇਜ਼ ਕਰਨ। ਉਨ੍ਹਾਂ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਸਵਾਲ ਪੁੱਛਿਆ, ‘‘ਕੇਂਦਰ ਵੱਲੋਂ ਖੇਤੀ ਕਾਨੂੰਨਾਂ ਲਈ ਲਿਆਂਦੇ ਗਏ ਆਰਡੀਨੈਂਸ ’ਤੇ ਬਤੌਰ ਕੈਬਨਿਟ ਮੰਤਰੀ ਜਿਹੜੇ ਦਸਤਖ਼ਤ ਹਰਸਿਮਰਤ ਕੌਰ ਬਾਦਲ ਨੇ ਕੀਤੇ ਸਨ। ਉਹ ਕਿਸ ਨੇ ਕਰਵਾਏ ਸਨ। ਉਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਖੇਤੀ ਕਾਨੂੰਨਾਂ ਦੇ ਹੱਕ ’ਚ ਜਿਹੜੀ ਵੀਡੀਓ ਜਾਰੀ ਕੀਤੀ ਗਈ ਸੀ। ਉਸ ਵੀਡੀਓ ਮਗਰੋਂ ਖੇਤੀ ਕਾਨੂੰਨਾਂ ਖ਼ਿਲਾਫ਼ ਅੱਜ ਤੱਕ ਜਿਹੜੀ ਚੁੱਪ ਪ੍ਰਕਾਸ਼ ਸਿੰਘ ਬਾਦਲ ਨੇ ਧਾਰੀ ਹੋਈ ਹੈ, ਉਸ ਲਈ ਜ਼ਿੰਮੇਵਾਰ ਕੌਣ ਹੈ।’’