ਦਲਬੀਰ ਸੱਖੋਵਾਲੀਆ
ਬਟਾਲਾ, 13 ਫਰਵਰੀ
ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਅੱਜ ਬਟਾਲਾ ਵਿੱਚ ਉਮੀਦਵਾਰ ਸ਼ੈਰੀ ਕਲਸੀ ਲਈ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੇ ਚੁਫੇਰਿਓਂ ਵਿਕਾਸ ਲਈ ਫਿਕਰਮੰਦ ਹੈ। ਉਨ੍ਹਾਂ ਤਬਾਹ ਹੋਏ ਬਟਾਲਾ ਉਦਯੋਗ ਬਾਰੇ ਫਿਕਰਮੰਦੀ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਵੇਲੇ ਏਸ਼ੀਆ ’ਚ ਬਟਾਲਾ ਦਾ ਉਦਯੋਗਿਕ ਖੇਤਰ ਵੱਖਰੀ ਪਛਾਣ ਰੱਖਦਾ ਸੀ ਪਰ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰਾਂ ਨੇ ਬਟਾਲਾ ਸਨਅਤ ਨੂੰ ਲੀਹਾਂ ’ਤੇ ਲਿਆਉਣ ਲਈ ਕੁਝ ਨਹੀਂ ਕੀਤਾ। ਉਨ੍ਹਾਂ ਦੇਸ਼ ਅਤੇ ਪੰਜਾਬ ਦੇ ਗੰਧਲੇ ਹੋ ਚੁੱਕੇ ਸਿਆਸੀ ਸਿਸਟਮ ਨੂੰ ਸੁਧਾਰਨ ਲਈ ਲੋਕਾਂ ਤੋਂ ਸਹਿਯੋਗ ਮੰਗਿਆ। ਇਸ ਮੌਕੇ ਬੱਲ ਹਾਂਡਾ ਦੇ ਮਾਲਕ, ਸੁਨਿਆਰ ਯੂਨੀਅਨ ਦੇ ਆਗੂ ਸਮੇਤ ਸੈਂਕੜੇ ਹੋਰਾਂ ਨੇ ‘ਆਪ’ ਵਿੱਚ ਸ਼ਾਮਲ ਹੋਣ ਦਾ ਐਲਾਨ ਕੀਤਾ।
ਕਾਦੀਆਂ (ਮਕਬੂਲ ਅਹਿਮਦ): ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਨੇ ਅੱਜ ਕਾਦੀਆਂ ਵਿੱਚ ਉਮੀਦਵਾਰ ਜਗਰੂਪ ਸਿੰਘ ਸੇਖਵਾਂ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਲੋਕਾਂ ਨੇ ਕਾਦੀਆ ਪੁੱਜੇ ‘ਆਪ’ ਆਗੂ ’ਤੇ ਫੁੱਲ ਬਰਸਾਏ। ਸ੍ਰੀ ਮਾਨ ਨੇ ਕਿਹਾ ਕਿ ਅੱਜ ਅਕਾਲੀ ਦਲ ਤੇ ਕਾਂਗਰਸ ਨੇ ਇੱਕ-ਦੂਜੇ ਖ਼ਿਲਾਫ਼ ਬੋਲਣ ’ਤੇ ਚੁੱਪ ਧਾਰੀ ਹੋਈ ਹੈ, ਇਨ੍ਹਾਂ ਨੂੰ ਸਿਰਫ਼ ਆਮ ਆਦਮੀ ਪਾਰਟੀ ਹੀ ਨਜ਼ਰ ਆਉਂਦੀ ਹੈ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਵੱਲੋਂ ‘ਆਪ’ ਨੂੰ ਦਿੱਲੀ ਵਾਲੇ ਬਾਹਰੀ ਲੋਕਾਂ ਦੀ ਪਾਰਟੀ ਦੱਸਣ ’ਤੇ ਵਿਅੰਗ ਕਰਦਿਆਂ ਕਿਹਾ ਕਿ ਕੀ ਕਾਂਗਰਸ ਮੋਗੇ ਤੋਂ ਆਈ ਪਾਰਟੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣਦਿਆਂ ਹੀ ਨਸ਼ੇ ’ਤੇ ਕਾਬੂ ਪਾਇਆ ਜਾਵੇਗਾ। ਸ੍ਰੀ ਮਾਨ ਨੇ ਕਿਹਾ ਕਿ ਕਾਦੀਆਂ ਅੰਤਰ-ਰਾਸ਼ਟਰੀ ਅਹਿਮਦੀਆ ਮੁਸਲਿਮ ਜਮਾਤ ਦਾ ਹੈੱਡਕੁਆਰਟਰ ਹੈ, ਇਸ ਲਈ ਸਰਕਾਰ ਬਣਨ ’ਤੇ ਇਸ ਸ਼ਹਿਰ ਦਾ ਵਿਕਾਸ ਕੀਤਾ ਜਾਵੇਗਾ।
ਸ੍ਰੀ ਹਰਗੋਬਿੰਦਪੁਰ (ਗੁਰਭੇਜ ਸਿੰਘ ਰਾਣਾ): ਅੱਜ ਇੱਥੇ ਭਗਵੰਤ ਮਾਨ ਨੇ ਵਿਧਾਨ ਸਭਾ ਹਲਕਾ ਸ੍ਰੀ ਹਰਗੋਬਿੰਦਪੁਰ ਤੋਂ ਚੋਣ ਲੜ ਰਹੇ ‘ਆਪ’ ਉਮੀਦਵਾਰ ਅਮਰਪਾਲ ਕਿਸ਼ਨਕੋਟ ਦੇ ਹੱਕ ਵਿੱਚ ਰੋਡ ਸ਼ੋਅ ਕੀਤਾ। ਇਸ ਮੌਕੇ ਨਿਸ਼ਾਨ ਸਿੰਘ ਚਾਹਲ, ਗੁਰਪ੍ਰੀਤ ਸਿੰਘ ਸੋਢੀ, ਜਥੇਦਾਰ ਠਾਕੁਰ ਸਿੰਘ ਊਧਨਵਾਲ ਆਦਿ ਹਾਜ਼ਰ ਸਨ।
‘ਆਪ’ ਆਗੂਆਂ ਨੇ ਸੜਕ ਪੁੱਟਣ ਦੇ ਲਾਏ ਦੋਸ਼
ਕਾਦੀਆਂ: ਇੱਥੇ ਭਗਵੰਤ ਮਾਨ ਦੇ ਰੋਡ ਸ਼ੋਅ ਤੋਂ ਪਹਿਲਾਂ ਕਿਸੇ ਨੇ ਕਾਫ਼ਲੇ ਦੇ ਰਾਹ ਵਿੱਚ ਪੈਂਦੀ ਇੱਕ ਸੜਕ ਨੂੰ ਜੇਸੀਬੀ ਮਸ਼ੀਨ ਨਾਲ ਪੁੱਟ ਦਿੱਤਾ, ਜਿਸ ’ਤੇ ਜਗਰੂਪ ਸਿੰਘ ਸੇਖਵਾਂ ਦੇ ਛੋਟੇ ਭਰਾ ਮਹਿਰਾਜ ਸਿੰਘ ਸੇਖਵਾਂ ਅਤੇ ਜ਼ਿਲ੍ਹਾ ਸਕੱਤਰ ਬਬਿਤਾ ਖੋਸਲਾ ਮੌਕੇ ’ਤੇ ਪਹੁੰਚ ਕੇ ਤੁਰੰਤ ਇਸ ਦੀ ਸ਼ਿਕਾਇਤ ਚੋਣ ਵਿਭਾਗ ਨੂੰ ਕੀਤੀ। ਉਨ੍ਹਾਂ ਜੇਸੀਬੀ ਮਸ਼ੀਨ ਮੰਗਵਾ ਕੇ ਨੁਕਸਾਨੀ ਗਈ ਸੜਕ ਨੂੰ ਪੂਰਿਆ ਤਾਂ ਕਿ ਭਗਵੰਤ ਮਾਨ ਦਾ ਰੋਡ ਸ਼ੋਅ ਨਾ ਪ੍ਰਭਾਵਿਤ ਹੋਵੇ। ਆਗੂਆਂ ਨੇ ਜਾਣਬੁੱਝ ਕੇ ਸੜਕ ਪੁੱਟਣ ਦਾ ਦੋਸ਼ ਲਾਉਂਦਿਆ ਕਿਹਾ ‘ਆਪ’ ਨੂੰ ਮਿਲ ਰਹੇ ਹੁੰਗਾਰੇ ਤੋਂ ਵਿਰੋਧੀ ਧਿਰ ਘਬਰਾ ਗਈ ਹੈ, ਜਿਸ ਕਰਕੇ ਉਹ ਘਟੀਆ ਹਰਕਤਾਂ ’ਤੇ ਉਤਰ ਆਈ ਹੈ।