ਚੰਡੀਗੜ੍ਹ (ਟਨਸ): ‘ਆਪ’ ਨੇ ਪੰਜਾਬ ਵਿੱਚ ਭਾਜਪਾ ਵੱਲੋਂ ਸਰਕਾਰ ਡੇਗਣ ਦੀਆਂ ਕੋਸ਼ਿਸ਼ਾਂ ਕਰਨ ’ਤੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਰਵੱਈਏ ’ਤੇ ਦੋਵਾਂ ਸਿਆਸੀ ਪਾਰਟੀਆਂ ਨੂੰ ਘੇਰਿਆ ਹੈ। ਇਸ ਬਾਰੇ ਪਾਰਟੀ ਦੇ ਸੀਨੀਅਰ ਆਗੂ ਅਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਚੰਡੀਗੜ੍ਹ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਜੂਦਾ ਸਮੇਂ ਵਿੱਚ ਕਾਂਗਰਸ ਅਤੇ ਅਕਾਲੀ ਦਲ ਵੀ ਭਾਜਪਾ ਦੀ ਬੀ-ਟੀਮ ਵਜੋਂ ਕੰਮ ਕਰ ਰਹੇ ਹਨ, ਜੋ ਕਿ ਭਾਜਪਾ ਨੂੰ ਘੇਰਨ ਦੀ ਥਾਂ ਬਚਾਅ ਕਰਨ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਅੰਦਰਖਾਤੇ ਭਾਜਪਾ ਲਈ ਕੰਮ ਕਰ ਰਹੀ ਹੈ ਅਤੇ ਅਕਾਲੀ ਦਲ ਨਾਲ ਭਾਜਪਾ ਦੀ ਪੁਰਾਣੀ ਸਾਂਝ ਹੈ। ਸ੍ਰੀ ਚੀਮਾ ਨੇ ਗੋਆ, ਕਰਨਾਟਕ, ਮੱਧ ਪ੍ਰਦੇਸ਼, ਪੰਜਾਬ ਅਤੇ ਦਿੱਲੀ ’ਚ ਵਿਧਾਇਕਾਂ ਦੀ ਖਰੀਦੋ-ਫਰੋਖ਼ਤ ਮਾਮਲੇ ਦੀ ਸੁਪਰੀਮ ਕੋਰਟ ਦੇ ਜੱਜ ਦੀ ਨਿਗਰਾਨੀ ਹੇਠ ਜਾਂਚ ਦੀ ਮੰਗ ਕੀਤੀ। ਸ੍ਰੀ ਚੀਮਾ ਨੇ ਕਿਹਾ ਕਿ ਭਾਜਪਾ ਨੇ ‘ਅਪਰੇਸ਼ਨ ਲੋਟਸ’ ਤਹਿਤ ਗੋਆ ਵਿੱਚ ਕਾਂਗਰਸ ਦੇ 8 ਵਿਧਾਇਕਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾ ਲਿਆ ਹੈ। ਉਸ ਦੇ ਬਾਵਜੂਦ ਕਾਂਗਰਸ ਨੇ ਭਾਜਪਾ ਦਾ ਵਿਰੋਧ ਕਰਨ ਦੀ ਬਜਾਏ ‘ਆਪ’ ਤੋਂ ਸਬੂਤਾਂ ਦੀ ਮੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਕਿਸੇ ਵੀ ਆਗੂ ਨੇ ਭਾਜਪਾ ’ਤੇ ਸਵਾਲ ਖੜ੍ਹਏ ਕਰਨ ਦੀ ਹਿੰਮਤ ਨਹੀਂ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਈਡੀ ਦੀ ਜਾਂਚ ਦਾ ਸਾਹਮਣਾ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਬਚਾਉਣ ਲਈ ਕਾਂਗਰਸ, ਭਾਜਪਾ ਵਿਰੁੱਧ ਬੋਲਣ ਤੋਂ ਡਰਦੀ ਹੈ। ਕਾਂਗਰਸ ਹੁਣ ਭਾਜਪਾ ਦੇ ਇਸ਼ਾਰੇ ’ਤੇ ‘ਆਪ’ ਨੂੰ ਰੋਕਣ ’ਚ ਲੱਗੀ ਹੋਈ ਹੈ।
ਵਿੱਤ ਮੰਤਰੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਲੰਬੇ ਸਮੇਂ ਤੱਕ ਐੱਨਡੀਏ ਨਾਲ ਗੱਠਜੋੜ ’ਚ ਰਿਹਾ ਹੈ ਅਤੇ ਹੁਣ ਇਹ ਮੁੜ ਭਾਜਪਾ ਵਿੱਚ ਵਾਪਸ ਸ਼ਾਮਲ ਹੋਣਾ ਚਾਹੁੰਦੇ ਹਨ, ਇਸ ਲਈ ਅਕਾਲੀ ਆਗੂ ਭਾਜਪਾ ਦੇ ਬਿਆਨਾਂ ’ਚ ਹਾਂ ਮਿਲਾ ਰਹੇ ਹਨ। ਪੰਜਾਬ ਦੇ ਵਿੱਤ ਮੰਤਰੀ ਹਰਪਾਲ ਚੀਮਾ ਨੇ ਗੋਆ, ਕਰਨਾਟਕ ਅਤੇ ਮੱਧ ਪ੍ਰਦੇਸ਼ ਵਿੱਚ ਹੋਈ ਕਾਂਗਰਸੀ ਵਿਧਾਇਕਾਂ ਦੀ ‘ਹੋਰਸ-ਟਰੇਡਿੰਗ’ ਸਮੇਤ ਪੰਜਾਬ ਅਤੇ ਦਿੱਲੀ ਦੇ ‘ਆਪ’ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਦੀ ਜਾਂਚ ਸੁਪਰੀਮ ਕੋਰਟ ਦੇ ਮੌਜੂਦਾ ਜੱਜ ਦੀ ਨਿਗਰਾਨੀ ਹੇਠ ਕਰਵਾਉਣ ਦੀ ਮੰਗ ਕੀਤੀ।