ਅਜੈ ਮਲਹੋਤਰਾ
ਸ੍ਰੀ ਫ਼ਤਹਿਗੜ੍ਹ ਸਾਹਿਬ, 22 ਜੁਲਾਈ
ਨੈਸ਼ਨਲ ਹੈਰਾਲਡ ਕੇਸ ਵਿੱਚ ਈਡੀ ਵੱਲੋਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੋਂ ਕੀਤੀ ਜਾ ਰਹੀ ਪੁੱਛ-ਪੜਤਾਲ ਤੋਂ ਭੜਕੇ ਕਾਂਗਰਸੀ ਕਾਰਕੁਨਾਂ ਨੇ ਅੱਜ ਬਸੀ ਪਠਾਣਾਂ ਦੇ ਸਾਬਕਾ ਵਿਧਾਇਕ ਗੁਰਪ੍ਰੀਤ ਸਿੰਘ ਜੀ.ਪੀ. ਦੀ ਅਗਵਾਈ ਹੇਠ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਬਾਹਰ ਧਰਨਾ ਦਿੱਤਾ। ਇਸ ਮੌਕੇ ਸਰਹਿੰਦ ਦੇ ਕੌਂਸਲ ਪ੍ਰਧਾਨ ਅਸ਼ੋਕ ਸੂਦ, ਕੌਂਸਲਰ ਆਨੰਦ ਮੋਹਨ, ਬਸੀ ਪਠਾਣਾਂ ਦੇ ਮਾਰਕੀਟ ਕਮੇਟੀ ਚੇਅਰਮੈਨ ਸਤਵੀਰ ਸਿੰਘ ਨੌਗਾਵਾਂ, ਹਰਭਜਨ ਸਿੰਘ ਨਾਮਧਾਰੀ, ਸ਼ਿਆਮ ਗੌਤਮ, ਬਲਵੀਰ ਸਿੰਘ, ਰਾਮ ਕ੍ਰਿਸ਼ਨ ਚੁੱਘ ਆਦਿ ਦੀ ਮੌਜੂਦ ਸਨ। ਸ੍ਰੀ ਜੀਪੀ ਨੇ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਸਿਆਸੀ ਹਮਲੇ ਕਰਦਿਆਂ ਕਿਹਾ ਕਿ ਇਹ ਲੜਾਈ ਸਿਰਫ ਸੋਨੀਆ ਗਾਂਧੀ ਦੀ ਨਹੀਂ, ਸਗੋਂ ਬਲਕਿ ਪੰਜਾਬ ਦੇ ਹਰ ਨਾਗਰਿਕ ਦੀ ਹੈ, ਜੋ ਅਮਨ ਪਸੰਦ ਹੈ ਅਤੇ ਲੋਕਤੰਤਰ ਦੀਆਂ ਮਰਿਆਦਾਵਾਂ ਦੀ ਪਾਲਣਾ ਕਰਦਾ ਹੈ। ਜੀ.ਪੀ. ਅਤੇ ਹੋਰ ਬੁਲਾਰਿਆਂ ਨੇ ਧਰਨੇ ਦੌਰਾਨ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਦੇ ਤਿੰਨੋ ਵਿਧਾਨ ਸਭਾ ਹਲਕਿਆਂ ਤੋਂ ਕਾਂਗਰਸੀ ਆੱਗੂ ਅਤੇ ਵਰਕਰ ਮੌਜੂਦ ਸਨ।