ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 27 ਮਾਰਚ
ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਅੱਜ ਇਥੇ ਕਿਹਾ ਕਿ ਉਤਰ ਪ੍ਰਦੇਸ਼ ਨਾਲ ਸਬੰਧਤ ਮੁਲਜ਼ਮ ਮੁਖਤਾਰ ਅੰਸਾਰੀ, ਜੋ ਗੈਂਗਸਟਰ ਤੋਂ ਸਿਆਸਤਦਾਨ ਬਣਿਆ ਹੈ, ਨੂੰ ਪੰਜਾਬ ਤੋਂ ਯੂਪੀ ’ਚ ਤਬਦੀਲ ਕਰਨ ਦੇ ਸੁਪਰੀਮ ਕੋਰਟ ਦੇ ਆਦੇਸ਼ ਨੇ ਕੈਪਟਨ ਸਰਕਾਰ ਦੀ ‘ਅਪਰਾਧਿਕ ਸਾਜ਼ਿਸ਼’ ਨੂੰ ਬੇਨਕਾਬ ਕਰ ਦਿੱਤਾ ਹੈ। ਭਾਜਪਾ ਆਗੂ ਨੇ ਕਿਹਾ ਕਿ ਜਨਵਰੀ 2019 ਤੋਂ ਰੋਪੜ ਜੇਲ੍ਹ ਵਿੱਚ ਬੰਦ ਅੰਸਾਰੀ ਵਿਸ਼ੇਸ਼ ਅਦਾਲਤ ਵਿੱਚ 10 ਅਪਰਾਧਿਕ ਮਾਮਲਿਆਂ ਵਿੱਚ ਲੋੜੀਂਦਾ ਹੈ। ਉਨ੍ਹਾਂ ਕਿਹਾ ਕਿ ਇਹ ਕਾਂਗਰਸ ਸਰਕਾਰ ਲਈ ਬੜੀ ਸ਼ਰਮ ਦੀ ਗੱਲ ਹੈ ਕਿ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਯੂਪੀ ਗਏ ਅਤੇ ਉਸ ਦੇ ਰਿਸ਼ਤੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਅੰਸਾਰੀ ਨੂੰ ਸਾਰੀਆਂ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ। ਇਸ ਘਟਨਾ ਨੇ ਯੂਪੀ ਅਤੇ ਦੇਸ਼ ਦੇ ਹੋਰ ਹਿੱਸਿਆਂ ਵਿੱਚ ਅਪਰਾਧਿਕ ਅਨਸਰਾਂ ਨਾਲ ਕਾਂਗਰਸ ਦੇ ਗੱਠਜੋੜ ਦਾ ਪਰਦਾਫਾਸ਼ ਕੀਤਾ ਹੈ।
ਅੰਸਾਰੀ ਨੂੰ ਪੰਜਾਬ ’ਚ ਰੱਖਣਾ ਕਾਂਗਰਸ ਦੀ ਗੈਰਕਾਨੂੰਨੀ ਕਾਰਵਾਈ: ਖੰਨਾ
ਅੰਮ੍ਰਿਤਸਰ: ਮੁਖਤਾਰ ਅੰਸਾਰੀ ਸਬੰਧੀ ਸੁਪਰੀਮ ਕੋਰਟ ਵੱਲੋਂ ਦਿੱਤੇ ਗਏ ਫ਼ੈਸਲੇ ਮਗਰੋਂ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਅਵਿਨਾਸ਼ ਰਾਏ ਖੰਨਾ ਨੇ ਕਾਂਗਰਸ ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਅੰਸਾਰੀ ਨੂੰ ਪਨਾਹ ਦੇ ਕੇ ਗੈਰਕਾਨੂੰਨੀ ਕੰਮ ਕੀਤਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਬਦਨਾਮ ਮੁਲਜ਼ਮ ਮੁਖਤਾਰ ਅੰਸਾਰੀ ਨੂੰ ਗਲਤ ਢੰਗ ਨਾਲ ਪਨਾਹ ਦਿੱਤੀ ਹੈ। ਉਹ ਉੱਤਰ ਪ੍ਰਦੇਸ਼ ਨੂੰ ਕਈ ਜੁਰਮਾਂ ਵਿੱਚ ਲੋੜੀਂਦਾ ਹੈ। ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸੂਬੇ ਦੀ ਕਾਂਗਰਸ ਸਰਕਾਰ ਨੂੰ ਇਹ ਮੁਲਜ਼ਮ ਉਤਰ ਪ੍ਰਦੇਸ਼ ਦੀ ਪੁਲੀਸ ਹਵਾਲੇ ਕਰਨ ਲਈ ਕਿਹਾ ਹੈ, ਜੋ ਕਾਂਗਰਸ ਲਈ ਵੱਡੀ ਸ਼ਰਮਿੰਦਗੀ ਵਾਲੀ ਗੱਲ ਹੈ। ਇਸ ਮੌਕੇ ਉਨ੍ਹਾਂ ਨਾਲ ਜ਼ਿਲ੍ਹਾ ਪ੍ਰਧਾਨ ਸੁਰੇਸ਼ ਮਹਾਜਨ, ਰਾਕੇਸ਼ ਗਿੱਲ, ਸਾਬਕਾ ਮੰਤਰੀ ਬਲਦੇਵ ਰਾਜ ਚਾਵਲਾ, ਪ੍ਰੋ. ਲਕਸ਼ਮੀ ਕਾਂਤਾ ਚਾਵਲਾ, ਰਾਜੇਸ਼ ਹਨੀ ਤੇ ਹੋਰ ਸ਼ਾਮਲ ਸਨ। -ਟਨਸ