ਚਰਨਜੀਤ ਭੁੱਲਰ
ਚੰਡੀਗੜ੍ਹ, 14 ਦਸੰਬਰ
ਕਾਂਗਰਸ ਹਾਈਕਮਾਨ ਪੰਜਾਬ ਕਾਂਗਰਸ ਵਿੱਚ ਅੰਦਰੂਨੀ ਕਸ਼ਮਕਸ਼ ਨੂੰ ਠੱਲ ਪਾਉਣ ਦਾ ਯਤਨ ਕਰ ਰਹੀ ਹੈ। ਆਉਂਦੇ ਦਿਨਾਂ ਵਿੱਚ ਕਾਂਗਰਸ ਵਿੱਚ ਆਪੋ-ਧਾਪੀ ਅਤੇ ਖਿੱਚੋਤਾਣ ਵਧਣ ਦੇ ਆਸਾਰ ਹਨ। ਆਗਾਮੀ ਚੋਣਾਂ ਤੋਂ ਐਨ ਪਹਿਲਾਂ ਪੰਜਾਬ ਕਾਂਗਰਸ ਵਿੱਚ ਵਧ ਰਹੇ ਖਲਾਰੇ ’ਤੇ ਵਿਰੋਧੀਆਂ ਦੀਆਂ ਵੀ ਨਜ਼ਰਾਂ ਹਨ|
ਕਾਂਗਰਸ ਹਾਈਕਮਾਨ ਨੇ ਪ੍ਰਦੇਸ਼ ਚੋਣ ਕਮੇਟੀ ਦਾ ਚੇਅਰਮੈਨ ਲਾ ਕੇ ਨਵਜੋਤ ਸਿੱਧੂ ਨੂੰ ਤਰਜੀਹ ਦੇਣ ਦਾ ਯਤਨ ਕੀਤਾ ਹੈ ਜਦਕਿ ਪਹਿਲਾਂ ਬਹੁਤੀ ਵਾਰ ਇਸ ਕਮੇਟੀ ਦੀ ਚੇਅਰਮੈਨੀ ਮੁੱਖ ਮੰਤਰੀ ਕੋਲ ਰਹੀ ਹੈ| ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪਹਿਲਾਂ ਬੱਸੀ ਪਠਾਣਾਂ ਤੋਂ ਆਪਣੇ ਭਰਾ ਡਾ. ਮਨੋਹਰ ਸਿੰਘ ਨੂੰ ਚੋਣ ਲੜਨ ਲਈ ਹਰੀ ਝੰਡੀ ਦੇ ਦਿੱਤੀ ਸੀ ਪਰ ਹੁਣ ਨਵਜੋਤ ਸਿੱਧੂ ਨੇ ਬੱਸੀ ਪਠਾਣਾਂ ਤੋਂ ਮੌਜੂਦਾ ਵਿਧਾਇਕ ਗੁਰਪ੍ਰੀਤ ਸਿੰਘ ਜੇਪੀ ਨੂੰ ਥਾਪੀ ਦੇ ਦਿੱਤੀ ਹੈ| ਉਨ੍ਹਾਂ ਵਿਧਾਇਕ ਗੁਰਪ੍ਰੀਤ ਸਿੰਘ ਜੇਪੀ ਨਾਲ ਆਪਣੀ ਫੋਟੋ ਵੀ ਟਵਿੱਟਰ ’ਤੇ ਸਾਂਝੀ ਕੀਤੀ ਹੈ| ਉਨ੍ਹਾਂ ਲੰਘੇ ਕੱਲ੍ਹ ਬਠਿੰਡਾ ਦਿਹਾਤੀ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਇੱਕ ਤਰ੍ਹਾਂ ਨਾਲ ਸਟੇਜ ਤੋਂ ਅਗਲਾ ਉਮੀਦਵਾਰ ਐਲਾਨ ਦਿੱਤਾ ਸੀ| ਸ੍ਰੀ ਸਿੱਧੂ ਨੇ ਮਨਪ੍ਰੀਤ ਬਾਦਲ ਦੇ ਸਿਆਸੀ ਵਿਰੋਧੀ ਸਮਝੇ ਜਾਂਦੇ ਲਾਡੀ ਦੇ ਮੋਢੇ ’ਤੇ ਹੱਥ ਰੱਖ ਦਿੱਤਾ ਹੈ| ਇਸ ਤੋਂ ਪਹਿਲਾਂ ਸ੍ਰੀ ਸਿੱਧੂ ਨੇ ਕਾਦੀਆਂ ਹਲਕੇ ਵਿੱਚ ਵਿਧਾਇਕ ਫਤਹਿਜੰਗ ਸਿੰਘ ਬਾਜਵਾ ਦੀ ਹਮਾਇਤ ਵਿੱਚ ਸਿਆਸੀ ਰੈਲੀ ਕੀਤੀ ਸੀ ਜਿੱਥੋਂ ਐੱਮਪੀ ਪ੍ਰਤਾਪ ਸਿੰਘ ਬਾਜਵਾ ਨੇ ਵੀ ਚੋਣ ਲੜਨ ਦਾ ਐਲਾਨ ਕੀਤਾ ਹੈ| ਅੱਜ ਨਵਜੋਤ ਸਿੱਧੂ ਨੇ ਇੱਥੇ ਪ੍ਰਤਾਪ ਸਿੰਘ ਬਾਜਵਾ ਨਾਲ ਵੀ ਮੁਲਾਕਾਤ ਕੀਤੀ|
ਭਲਕੇ ਚੋਣ ਪ੍ਰਚਾਰ ਕਮੇਟੀ ਦੇ ਚੇਅਰਮੈਨ ਸੁਨੀਲ ਜਾਖੜ ਵੀ ਮੀਟਿੰਗ ਕਰ ਰਹੇ ਹਨ, ਜਿਹੜੀ ਕਿ ਬਹੁਤ ਅਹਿਮ ਮੰਨੀ ਜਾਂਦੀ ਹੈ। ਇਹ ਦੇਖਣ ਵਾਲੀ ਗੱਲ ਹੋਵੇਗੀ ਕਿ ਕਿਹੜੇ ਆਗੂ ਇਸ ਵਿੱਚ ਸ਼ਮੂਲੀਅਤ ਕਰਦੇ ਹਨ ਅਤੇ ਕਿਹੜੇ ਗੈਰ-ਹਾਜ਼ਰ ਰਹਿੰਦੇ ਹਨ। ਕਾਂਗਰਸ ਹਾਈਕਮਾਨ ਤਰਫ਼ੋਂ ਜੋ ਜ਼ਿਲ੍ਹਾ ਪ੍ਰਧਾਨ ਐਲਾਨੇ ਗਏ ਹਨ, ਉਸ ਵਿੱਚ ਵੀ ਨਜਵੋਤ ਸਿੱਧੂ ਦਾ ਹੱਥ ਉੱਪਰ ਰਿਹਾ ਹੈ| ਕਾਂਗਰਸ ਦੀ ਅੰਦਰੂਨੀ ਕਸ਼ਮਕਸ਼ ਕਾਰਨ ਕੈਪਟਨ ਅਮਰਿੰਦਰ ਸਿੰਘ ਅੰਦਰੋਂ-ਅੰਦਰੀ ਖ਼ੁਸ਼ ਹਨ। ਉਹ ਸੋਚਦੇ ਹਨ ਕਿ ਉਨ੍ਹਾਂ ਦੀਆਂ ਕੀਤੀਆਂ ਭਵਿੱਖਬਾਣੀਆਂ ਸੱਚ ਸਾਬਤ ਹੋਣਗੀਆਂ। ਕੈਪਟਨ ਅਮਰਿੰਦਰ ਅੰਦਰੋਂ-ਅੰਦਰੀਂ ਮੁੱਖ ਮੰਤਰੀ ਚੰਨੀ ਦੇ ਹੱਕ ਵਿੱਚ ਜਨਤਕ ਤੌਰ ‘ਤੇ ਨਾਅਰਾ ਮਾਰ ਰਹੇ ਹਨ| ਲੰਘੇ ਦਿਨਾਂ ’ਤੇ ਝਾਤ ਮਾਰੀਏ ਤਾਂ ਨਵਜੋਤ ਸਿੱਧੂ ਆਪਣੇ ‘ਪੰਜਾਬ ਮਾਡਲ’ ਦੀ ਚਰਚਾ ਤਾਂ ਹਰ ਜਗ੍ਹਾ ਕਰਦੇ ਹਨ ਪਰ ਪੰਜਾਬ ਕਾਂਗਰਸ ਦਾ ਕੀ ਮਾਡਲ ਹੈ, ਇਸ ਬਾਰੇ ਭੇਤ ਬਣਿਆ ਹੋਇਆ ਹੈ| ਇਸੇ ਤਰ੍ਹਾਂ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਦੇ ਪੁੱਤਰ ਨੇ ਸੁਲਤਾਨਪੁਰ ਲੋਧੀ ਤੋਂ ਚੋਣ ਲੜਨ ਦੀ ਤਿਆਰੀ ਖਿੱਚ ਦਿੱਤੀ ਹੈ ਜਿਸ ਕਰਕੇ ਦੁਆਬੇ ਵਿੱਚ ਵੀ ਕਾਂਗਰਸ ਵਿੱਚ ਆਪਸੀ ਖਾਨਾਜੰਗੀ ਵਧਣ ਲੱਗੀ ਹੈ| ਟਿਕਟਾਂ ਦੀ ਵੰਡ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਵਿੱਚ ਟਕਰਾਓ ਵਧਣ ਲੱਗਾ ਹੈ| ਟਕਸਾਲੀ ਕਾਂਗਰਸੀ ਆਖਦੇ ਹਨ ਕਿ ਪਹਿਲੀ ਦਫ਼ਾ ਹੋਇਆ ਕਿ ਪਾਰਟੀ ਵਿੱਚ ਇੰਨੀ ਆਪਾ-ਧਾਪੀ ਮੱਚੀ ਹੋਈ ਹੈ|
ਬਾਜਵਾ ਵੱਲੋਂ ਮੈਨੀਫੈਸਟੋ ਲਈ ਮੁਹਿੰਮ ਸ਼ੁਰੂ
ਚੋਣ ਮੈਨੀਫੈਸਟੋ ਕਮੇਟੀ ਦੇ ਚੇਅਰਮੈਨ ਪ੍ਰਤਾਪ ਸਿੰਘ ਬਾਜਵਾ ਨੇ ਪਾਰਟੀ ਦਾ ਚੋਣ ਮਨੋਰਥ ਪੱਤਰ ਤਿਆਰ ਕਰਨ ਲਈ ਮੁਹਿੰਮ ਵਿੱਢ ਦਿੱਤੀ ਹੈ| ਉਨ੍ਹਾਂ ਇੱਥੇ ‘ਆਵਾਜ਼ ਪੰਜਾਬ ਦੀ’ ਮੈਨੀਫੈਸਟੋ ਮੁਹਿੰਮ ਆਰੰਭ ਕੀਤੀ ਅਤੇ ਇਸ ਮੌਕੇ ਵੈੱਬਸਾਈਟ ਅਤੇ ਟੌਲ ਫ਼ਰੀ ਨੰਬਰ ਜਾਰੀ ਕੀਤਾ ਗਿਆ| ਸ੍ਰੀ ਬਾਜਵਾ ਨੇ ਦੱਸਿਆ ਕਿ ਉਹ ਮੈਨੀਫੈਸਟੋ ਦਾ ਖਰੜਾ ਆਉਂਦੇ 15 ਦਿਨਾਂ ਵਿੱਚ ਤਿਆਰ ਕਰ ਲੈਣਗੇ ਤੇ ਜੋ ਕਮੀ ਰਹੇਗੀ, ਉਸ ਨੂੰ ਬਾਅਦ ਵਿੱਚ ਸੁਧਾਰ ਲਿਆ ਜਾਵੇਗਾ| ਸਿਹਤ, ਸਿੱਖਿਆ ਅਤੇ ਹੋਰ ਬੁਨਿਆਦੀ ਮਸਲੇ ਏਜੰਡੇ ’ਤੇ ਰਹਿਣਗੇ| ਉਨ੍ਹਾਂ ਮੁੱਖ ਮੰਤਰੀ ਚੰਨੀ ਵੱਲੋਂ ਕੀਤੇ ਕੰਮਾਂ ਦੀ ਤਾਰੀਫ਼ ਵੀ ਕੀਤੀ|