ਪੱਤਰ ਪ੍ਰੇਰਕ
ਰਈਆ, 6 ਸਤੰਬਰ
ਬਿਆਸ ਜੀਟੀ ਰੋਡ ’ਤੇ ਗਊਆਂ ਕਾਰਨ ਡੇਰਾ ਰਾਧਾ ਸੁਆਮੀ ਬਿਆਸ ਅਤੇ ਤਰਨਾ ਦਲ ਦੇ ਨਿਹੰਗਾਂ ਵਿਚ ਤਕਰਾਰ ਹੋ ਗਿਆ ਸੀ। ਪੁਲੀਸ ਨੇ ਇਸ ਮਾਮਲੇ ਵਿਚ ਡੇਰਾ ਰਾਧਾ ਸੁਆਮੀ ਦੇ ਸੁਰੱਖਿਆ ਅਧਿਕਾਰੀ ਤੇ ਸਕੱਤਰ ਤੋਂ ਇਲਾਵਾ ਤਰਨਾ ਦਲ ਦੇ ਨਿਹੰਗਾਂ ਸਣੇ ਸੈਂਕੜੇ ਸਮਰਥਕਾਂ ’ਤੇ ਇਰਾਦਾ ਕਤਲ ਅਤੇ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ ਪਰ ਹਾਲੇ ਤਕ ਕਿਸੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਨਹੀਂ ਹੋਈ।
ਪੁਲੀਸ ਨੇ ਦੋਵਾਂ ਧਿਰਾਂ ਦੇ ਬਿਆਨ ਤੇ ਜਾਂਚ ਤੋਂ ਬਾਅਦ ਡੇਰਾ ਰਾਧਾ ਸੁਆਮੀ ਬਿਆਸ ਦੇ ਸੁਰੱਖਿਆ ਅਧਿਕਾਰੀ ਅਤੇ ਸਾਬਕਾ ਪੁਲੀਸ ਅਫ਼ਸਰ ਪਰਮਦੀਪ ਸਿੰਘ ਉਰਫ਼ ਤੇਜਾ, ਡੇਰਾ ਸਕੱਤਰ ਨਿਰਮਲ ਸਿੰਘ, ਬਾਬਾ ਗਊਆਂ ਵਾਲਾ ਨਿਹੰਗ ਮੁਖੀ ਅਤੇ ਨਿਹੰਗ ਬਾਬਾ ਸੁੱਖਾ ਸਿੰਘ ਸਮੇਤ ਸੈਂਕੜੇ ਸਮਰਥਕਾਂ ਨੂੰ ਨਾਮਜ਼ਦ ਕੀਤਾ ਹੈ। ਦੱਸਣਾ ਬਣਦਾ ਹੈ ਕਿ ਡੇਰਾ ਰਾਧਾ ਸੁਆਮੀ ਸਮਰਥਕਾਂ ਅਤੇ ਨਿਹੰਗਾਂ ਦਾ ਗਊਆਂ ਨੂੰ ਚਰਾਉਣ ਤੇ ਸੜਕ ਪਾਰ ਕਰਵਾਉਣ ਤੋਂ ਬਾਅਦ ਝਗੜਾ ਹੋਇਆ ਸੀ। ਇਸ ਮੌਕੇ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਕੀਤੀ ਗਈ ਤੇ ਗੱਡੀਆਂ ਨੂੰ ਵੀ ਨੁਕਸਾਨ ਪਹੁੰਚਾਇਆ ਗਿਆ। ਇਸ ਮੌਕੇ ਦੋਵਾਂ ਧਿਰਾਂ ਨੇ ਇਕ ਦੂਜੇ ’ਤੇ ਹਮਲਾ ਕਰਨ ਦੇ ਦੋਸ਼ ਲਾਏ। ਇਸ ਖੇਤਰ ਵਿਚ ਪੁਲੀਸ ਨੇ ਸੁਰੱਖਿਆ ਵਧਾ ਦਿੱਤੀ ਹੈ। ਦੂਜੇ ਪਾਸੇ ਨਿਹੰਗ ਸਿੰਘਾਂ ਨੇ ਦੋਸ਼ ਲਾਇਆ ਕਿ ਡੇਰਾ ਸਮਰਥਕ ਟਰੈਕਟਰ ਟਰਾਲੀਆਂ ਵਿਚ ਆਏ ਸਨ ਤੇ ਉਨ੍ਹਾਂ ਪੱਥਰਬਾਜ਼ੀ ਤੋਂ ਬਾਅਦ ਹਥਿਆਰਾਂ ਨਾਲ ਹਮਲਾ ਕੀਤਾ। ਪੁਲੀਸ ਥਾਣਾ ਬਿਆਸ ਦੇ ਮੁੱਖ ਅਫ਼ਸਰ ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਖ਼ਿਲਾਫ਼ ਕੇਸ ਦਰਜ ਕਰਕੇ ਇਲਾਕਾ ਮੈਜਿਸਟਰੇਟ ਅਤੇ ਕੰਟਰੋਲ ਰੂਮ ਨੂੰ ਜਾਣਕਾਰੀ ਭੇਜ ਦਿੱਤੀ ਗਈ ਹੈ।