ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 30 ਮਈ
ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਦੇ ਸੂਬਾਈ ਪ੍ਰਧਾਨ ਅਕਸ਼ੈ ਸ਼ਰਮਾ ਨੇ ਪੰਜਾਬੀ ਫ਼ਿਲਮ ਕਲਾਕਾਰ ਕਰਤਾਰ ਚੀਮਾ ’ਤੇ ਦੋਸ਼ ਲਾਇਆ ਹੈ ਉਸ ਨੇ ਵਿਦੇਸ਼ ਰਹਿੰਦੇ ਗੈਂਗਸਟਰ ਗੋਲਡੀ ਬਰਾੜ ਤੋਂ ਉਸ ਨੂੰ ਧਮਕੀਆਂ ਦਿਵਾਈਆਂ ਹਨ। ਗੋਲਡੀ ਬਰਾੜ ਦਾ ਨਾਂ ਬੀਤੇ ਦਿਨ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਨਾਲ ਵੀ ਜੋੜਿਆ ਜਾ ਰਿਹਾ ਹੈ। ਅੱਜ ਇੱਥੇ ਐੱਨਐੱਸਯੂਆਈ ਆਗੂਆਂ ਅਤੇ ਕਲਾਕਾਰ ਕਰਤਾਰ ਚੀਮਾ ਵਿਚਾਲੇ ਤਕਰਾਰ ਤੇ ਹੱਥੋਪਾਈ ਵੀ ਹੋਈ ਹੈ, ਜਿਸ ਤੋਂ ਬਾਅਦ ਇਹ ਮਾਮਲਾ ਪੁਲੀਸ ਕੋਲ ਪੁੱਜਾ ਗਿਆ ਹੈ। ਇਸ ਮਾਮਲੇ ਵਿੱਚ ਦੋਵਾਂ ਧਿਰਾਂ ਵੱਲੋਂ ਪੁਲੀਸ ਕੋਲ ਸ਼ਿਕਾਇਤ ਦਿੱਤੀ ਗਈ ਹੈ।
ਵਿਦਿਆਰਥੀ ਆਗੂ ਅਕਸ਼ੈ ਸ਼ਰਮਾ ਨੇ ਦੋਸ਼ ਲਾਇਆ ਹੈ ਕਿ ਕਰਤਾਰ ਚੀਮਾ ਉਸ ਦੀ ਲਗਪਗ 25 ਲੱਖ ਰੁਪਏ ਦੀ ਰਕਮ ਵਾਪਸ ਨਹੀਂ ਕਰ ਰਿਹਾ ਹੈ। ਇਸੇ ਸਬੰਧ ਵਿੱਚ ਹੀ ਉਸ ਨੂੰ ਕੈਨੇਡਾ ਰਹਿੰਦੇ ਗੋਲਡੀ ਬਰਾੜ ਕੋਲੋਂ ਧਮਕੀਆਂ ਦਿਵਾਈਆਂ ਗਈਆਂ ਹਨ। ਉਸ ਨੇ ਇਸ ਸਬੰਧੀ ਇਕ ਆਡੀਓ ਰਿਕਾਰਡਿੰਗ ਵੀ ਪੁਲੀਸ ਨੂੰ ਸੌਂਪੀ ਹੈ। ਵਿਦਿਆਰਥੀ ਆਗੂ ਨੇ ਕਿਹਾ, ‘‘ਜੇਕਰ ਮੈਨੂੰ ਜਾਂ ਮੇਰੇ ਪਰਿਵਾਰ ਨੂੰ ਕੋਈ ਨੁਕਸਾਨ ਹੋਇਆ ਤਾਂ ਉਸ ਲਈ ਕਲਾਕਾਰ ਕਰਤਾਰ ਚੀਮਾ ਜ਼ਿੰਮੇਵਾਰ ਹੋਵੇਗਾ। ਜਦੋਂ ਵੀ ਮੈਂ ਆਪਣੀ ਰਕਮ ਵਾਪਸ ਮੰਗੀ ਹੈ ਤਾਂ ਕਰਤਾਰ ਚੀਮਾ ਨੇ ਮੈਨੂੰ ਸਮਾਜ ਵਿਰੋਧੀ ਅਨਸਰਾਂ ਕੋਲੋਂ ਡਰਾਇਆ ਧਮਕਾਇਆ ਹੈ।’’ ਉਸ ਨੇ ਦੋਸ਼ ਲਾਇਆ ਕਿ ਤਕਰਾਰ ਦੌਰਾਨ ਕਲਾਕਾਰ ਨੇ ਉਸ ਨੂੰ ਪਿਸਤੌਲ ਵੀ ਦਿਖਾਈ ਹੈ।
ਦੂਜੇ ਪਾਸੇ ਕਲਾਕਾਰ ਕਰਤਾਰ ਚੀਮਾ ਨੇ ਕਿਹਾ ਹੈ ਕਿ ਵਿਦਿਆਰਥੀ ਆਗੂ ਨੇ ਇਕ ਫ਼ਿਲਮ ਵਿੱਚ ਭਾਈਵਾਲੀ ’ਤੇ ਪੰਜ ਲੱਖ ਰੁਪਏ ਨਿਵੇਸ਼ ਕੀਤੇ ਸਨ ਪਰ ਇਹ ਫ਼ਿਲਮ ਸਫ਼ਲ ਨਹੀਂ ਹੋਈ ਅਤੇ ਘਾਟਾ ਪਿਆ ਹੈ, ਹੁਣ ਉਹ ਆਪਣੀ ਰਕਮ ਮੰਗ ਰਿਹਾ ਹੈ। ਕਰਤਾਰ ਨੇ ਦੋਸ਼ ਲਾਇਆ ਕਿ ਅੱਜ ਦੀ ਕਾਰਵਾਈ ਸਿਰਫ ਇਕ ਸਟੰਟ ਸੀ, ਕਿਉਂਕਿ ‘ਆਪ’ ਸਰਕਾਰ ਨੇ ਅਕਸ਼ੈ ਦੀ ਸੁਰੱਖਿਆ ਵਾਪਸ ਲੈ ਲਈ ਹੈ ਅਤੇ ਸੁਰੱਖਿਆ ਕਰਮਚਾਰੀ ਵਾਪਸ ਲੈਣ ਲਈ ਉਸ ਵੱਲੋਂ ਅਜਿਹਾ ਕੀਤਾ ਗਿਆ ਹੈ। 25 ਲੱਖ ਰੁਪਏ ਦੀ ਰਕਮ ਦੇ ਕੀਤੇ ਜਾ ਰਹੇ ਦਾਅਵੇ ਨੂੰ ਉਸ ਨੇ ਗਲਤ ਕਿਹਾ ਅਤੇ ਕਿਹਾ ਕਿ ਇਸ ਸਬੰਧੀ ਹਿਸਾਬ-ਕਿਤਾਬ ਕੀਤਾ ਜਾ ਸਕਦਾ ਹੈ। ਗੋਲਡੀ ਬਰਾੜ ਦੇ ਨਾਂ ’ਤੇ ਧਮਕੀਆਂ ਦੇ ਦੋਸ਼ ਨੂੰ ਉਸ ਨੇ ਰੱਦ ਕੀਤਾ ਅਤੇ ਕਿਹਾ ਕਿ ਪੁਲੀਸ ਇਸ ਆਡੀਓ ਰਿਕਾਰਡਿੰਗ ਦੀ ਜਾਂਚ ਕਰਵਾ ਸਕਦੀ ਹੈ। ਉਸ ਨੇ ਦੋਸ਼ ਲਾਇਆ ਕਿ ਵਿਦਿਆਰਥੀ ਆਗੂ ਨੇ ਉਸ ’ਤੇ ਰਿਵਾਲਵਰ ਵੀ ਤਾਣੀ ਸੀ। ਇਸੇ ਮਾਮਲੇ ਵਿੱਚ ਉਸ ਨੇ ਪੁਲੀਸ ਨੂੰ ਦਰਖ਼ਾਸਤ ਦੇ ਕੇ ਵਿਦਿਆਰਥੀ ਆਗੂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਉਹ ਇੱਥੇ ਆਪਣੀ ਇਕ ਫਿਲਮ ਦੀ ਸ਼ੂਟਿੰਗ ਲਈ ਆਇਆ ਹੋਇਆ ਸੀ।
ਥਾਣਾ ਸਿਵਲ ਲਾਈਨ ਦੇ ਐੱਸਐੱਚਓ ਅਮੋਲਕਪ੍ਰੀਤ ਸਿੰਘ ਕਾਹਲੋਂ ਨੇ ਦੱਸਿਆ ਕਿ ਵਿਦਿਆਰਥੀ ਆਗੂ ਅਕਸ਼ੈ ਸ਼ਰਮਾ ਅਤੇ ਕਲਾਕਾਰ ਕਰਤਾਰ ਚੀਮਾ ਦੀਆਂ ਦਰਖਾਸਤਾਂ ਲੈ ਲਈਆਂ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦੋਵਾਂ ਵਿਚਾਲੇ ਲਾਰੈਂਸ ਰੋਡ ਚੌਕ ਵਿੱਚ ਕੋਈ ਝਗੜਾ ਹੋਇਆ ਹੈ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।