ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 5 ਜਨਵਰੀ
ਬੁੱਧੀਜੀਵੀਆਂ ਦੀ ਜਥੇਬੰਦੀ ‘ਸਿਟੀਜ਼ਨ ਫਾਰ ਫਾਰਮਰਜ਼’ ਵੱਲੋਂ 10 ਜਨਵਰੀ ਨੂੰ ਕਿਸਾਨਾਂ ਦੇ ਹੱਕ ’ਚ ਚੰਡੀਗੜ੍ਹ ਵਿੱਚ ‘ਖੇਤੀ ਸੰਕਟ ਅਤੇ ਜਮਹੂਰੀਅਤ’ ਵਿਸ਼ੇ ’ਤੇ ਕਾਨਫਰੰਸ ਕੀਤੀ ਜਾ ਰਹੀ ਹੈ। ਉੱਘੇ ਬੁੱਧੀਜੀਵੀਆਂ ਪ੍ਰੋ. ਜਗਮੋਹਣ ਸਿੰਘ, ਪ੍ਰੋ. ਹਰੀਸ਼ ਪੁਰੀ ਅਤੇ ਰਾਜਿੰਦਰ ਸਿੰਘ ਚੀਮਾ ਨੇ ਦੱਸਿਆ ਕਿ ਕਾਨਫਰੰਸ ਵਿੱਚ ਖੇਤੀ ਖੇਤਰ ਦੇ ਮਾਹਿਰ ਪੀ.ਸਾਈਨਾਥ ਅਤੇ ਦੇਵਿੰਦਰ ਸ਼ਰਮਾ ਮੁੱਖ ਬੁਲਾਰੇ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਦਾ ਕਿਸਾਨ ਆਪਣੇ ਹੱਕ ਲਈ ਪੋਹ ਦੀਆਂ ਠੰਢੀਆਂ ਰਾਤਾਂ ਵਿੱਚ ਸੰਘਰਸ਼ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਆਪਣਾ ਅੜੀਅਲ ਵਤੀਰਾ ਛੱਡਣ ਲਈ ਤਿਆਰ ਨਹੀਂ ਹੈ। ਇਸ ਮੌਕੇ ਜਮਹੂਰੀ ਅਧਿਕਾਰ ਸਭਾ ਪੰਜਾਬ, ਕੇਂਦਰੀ ਪੰਜਾਬੀ ਲੇਖਕ ਸਭਾ, ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ, ਦੇਸ਼ ਭਗਤ ਯਾਦਗਾਰ ਹਾਲ ਕਮੇਟੀ ਜਲੰਧਰ, ਪੰਜਾਬ ਲੋਕ ਸੱਭਿਆਚਾਰਕ (ਪਲਸ) ਮੰਚ, ਪ੍ਰਗਤੀਸ਼ੀਲ ਲੇਖਕ ਸੰਘ, ਇਪਟਾ, ਫੋਕਲੋਰ, ਰਿਸਰਚ ਅਕਾਦਮੀ, ਕੇਂਦਰੀ ਰੰਗ-ਮੰਚ ਸਭਾ ਪੰਜਾਬ, ਮੰਚ-ਰੰਗਮੰਚ ਅੰਮ੍ਰਿਤਸਰ, ਅਦਾਕਾਰ ਮੰਚ ਮੁਹਾਲੀ, ਸਰਘੀ ਕਲਾ ਕੇਂਦਰ ਮੁਹਾਲੀ, ਪੰਜਾਬੀ ਲੇਖਕ ਸਭਾ ਚੰਡੀਗੜ੍ਹ, ਸਾਹਿਤ ਸਭਾ ਮੁਹਾਲੀ, ਕੌਮਾਂਤਰੀ ਲੇਖਕ ਮੰਚ (ਕਲਮ), ਅਦਾਰਾ ਸੰਵੇਦਨਾ, ਅਦਾਰਾ ਪ੍ਰਸੰਗ, ਜਾਗਦਾ ਪੰਜਾਬ ਸਣੇ ਹੋਰ ਜਥੇਬੰਦੀਆਂ ਹਿੱਸਾ ਲੈਣਗੀਆਂ। ਬੁੱਧੀਜੀਵੀਆਂ ਨੇ 10 ਜਨਵਰੀ ਨੂੰ ਕਰਵਾਈ ਜਾਣ ਵਾਲੀ ਕਾਨਫਰੰਸ ਵਿੱਚ ਵੱਖ-ਵੱਖ ਯੂਨੀਵਰਸਿਟੀਆਂ ਤੋਂ ਬੁੱਧੀਜੀਵੀਆਂ, ਵਿਦਿਆਰਥੀਆਂ ਅਤੇ ਹੋਰ ਜਮਹੂਰੀ ਜਥੇਬੰਦੀਆਂ ਨੂੰ ਵਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ ਹੈ।