ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਐਲਾਨ ਕੀਤਾ ਕਿ ਰੱਖੜੀ ਦੇ ਤਿਉਹਾਰ ਦੇ ਮੱਦੇਨਜ਼ਰ ਐਤਵਾਰ ਨੂੰ ਪੰਜਾਬ ਵਿੱਚ ਹਲਵਾਈ (ਮਠਿਆਈ) ਦੀਆਂ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਹੋਵੇਗੀ। ਉਨ੍ਹਾਂ ਕਿਹਾ ਕਿ ਕੋਵਿਡ ਸੰਕਟ ਕਾਰਨ ਐਤਵਾਰ ਦੇ ਲੌਕਡਾਊਨ ਕਰ ਕੇ ਸੂਬੇ ਵਿੱਚ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਨਹੀਂ ਹੈ ਪਰ ਸੂਬਾ ਸਰਕਾਰ ਨੂੰ ਕਈ ਅਪੀਲਾਂ ਪ੍ਰਾਪਤ ਹੋਈਆਂ ਸਨ ਜਿਸ ਮਗਰੋਂ ਰੱਖੜੀ ਦੇ ਤਿਉਹਾਰ ਦੀ ਪੂਰਵ ਸੰਧਿਆ ’ਤੇ ਹਲਵਾਈਆਂ ਦੀਆਂ ਦੁਕਾਨਾਂ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਨਾਲ-ਨਾਲ ਦੁਕਾਨਦਾਰਾਂ ਨੂੰ ਬਾਕੀ ਦਿਨਾਂ ਵਾਂਗ 2 ਅਤੇ 3 ਅਗਸਤ ਨੂੰ ਸਮਾਜਿਕ ਦੂਰੀ ਅਤੇ ਹੋਰ ਨੇਮਾਂ ਦੀ ਪਾਲਣਾ ਕਰਨੀ ਹੋਵੇਗੀ। ਰੱਖੜੀ ਦੇ ਤਿਉਹਾਰ ਵਾਲੇ ਦਿਨ ਅੰਤਰ-ਰਾਜੀ ਬੱਸਾਂ ਚਲਾਉਣ ਬਾਰੇ ਉਨ੍ਹਾਂ ਕਿਹਾ ਕਿ ਪੰਜਾਬ ’ਚ ਬੱਸਾਂ ਚਲਾਉਣ ’ਤੇ ਕੋਈ ਬੰਦਿਸ਼ ਨਹੀਂ ਹੈ ਪਰ ਬਾਕੀ ਸੂਬਿਆਂ ਵਿੱਚ ਅਜਿਹੀਆਂ ਰੋਕਾਂ ਹੋ ਸਕਦੀਆਂ ਹਨ।