ਸ਼ਗਨ ਕਟਾਰੀਆ/ਦਰਸ਼ਨ ਸਿੰਘ ਸੋਢੀ
ਬਠਿੰਡਾ/ਐਸ.ਏ.ਐਸ. ਨਗਰ (ਮੁਹਾਲੀ), 8 ਸਤੰਬਰ
ਪੰਜਾਬ ਸਕੂਲ ਸਿੱਖਿਆ ਬੋਰਡ ਨੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਕਲਾਵੇ ’ਚ ਲਿਆਉਣ ਲਈ ਦਾਖ਼ਲਾ ਸ਼ਰਤਾਂ ਨਰਮ ਕਰ ਦਿੱਤੀਆਂ ਹਨ। ਬੋਰਡ ਦੇ ਸਕੱਤਰ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਅਤੇ ਸਕੂਲ ਮੁਖੀਆਂ ਲਈ ਜਾਰੀ ਪੱਤਰ ਵਿਚ ਸਪੱਸ਼ਟ ਕੀਤਾ ਗਿਆ ਹੈ ਕਿ ਜੇ ਕੋਈ ਵਿਦਿਆਰਥੀ ਪ੍ਰਾਈਵੇਟ ਸਕੂਲ ਤੋਂ ਸਰਕਾਰੀ ਸਕੂਲ ਵਿੱਚ ਦਾਖ਼ਲ ਹੁੰਦਾ ਹੈ ਤਾਂ ਵਿਦਿਆਰਥੀ ਤੋਂ ਟਰਾਂਸਫਰ ਸਰਟੀਫਿਕੇਟ ਲੈਣ ਦੀ ਕੋਈ ਜ਼ਰੂਰਤ ਨਹੀਂ ਹੈ। ਸਕੂਲ ਮੁਖੀ ਆਪਣੀ ਤਸੱਲੀ ’ਤੇ ਅਜਿਹੇ ਵਿਦਿਆਰਥੀ ਨੂੰ ਦਾਖ਼ਲਾ ਦੇ ਸਕਦੇ ਹਨ ਪਰ ਸਬੰਧਤ ਵਿਦਿਆਰਥੀ ਦੇ ਮਾਪੇ ਸਰਕਾਰੀ ਸਕੂਲ ਵਿਚ ਪੜ੍ਹਾਈ ਸਬੰਧੀ ਲਿਖ਼ਤੀ ਰੂਪ ’ਚ ਦੇਣਗੇ। ਪੱਤਰ ’ਚ ਦਰਜ ਹੈ ਕਿ ਬੱਚੇ ਦੇ ਟਰਾਂਸਫਰ ਸਰਟੀਫਿਕੇਟ ਨਾ ਹੋਣ ’ਤੇ ਉਸ ਦੀ ਪ੍ਰੀਖਿਆ ਲੈਣ ਸਬੰਧੀ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਨੂੰ ਕਿਹਾ ਗਿਆ ਹੈ ਕਿ ਕੁਝ ਵਿਦਿਆਰਥੀਆਂ ਕੋਲ ਆਪਣਾ ਜਨਮ ਸਰਟੀਫਿਕੇਟ ਨਹੀਂ ਹੈ ਪਰ ਉਹ ਸਕੂਲ ਵਿਚ ਦਾਖ਼ਲਾ ਲੈਣਾ ਚਾਹੁੰਦੇ ਹਨ। ਅਜਿਹੇ ਵਿਦਿਆਰਥੀ ਨੂੰ ਜਨਮ ਸਰਟੀਫਿਕੇਟ ਦੇਣ ਲਈ ਮਜਬੂਰ ਨਾ ਕੀਤਾ ਜਾਵੇ ਅਤੇ ਉਨ੍ਹਾਂ ਦਾ ਦਾਖ਼ਲਾ ਪ੍ਰੋਵਿਜ਼ਨਲ ਆਧਾਰ ’ਤੇ ਕੀਤਾ ਜਾਵੇ।
ਨਿਰਧਾਰਿਤ ਫੀਸ ਹੀ ਵਸੂਲਣ ਦੀ ਹਦਾਇਤ
ਸਿੱਖਿਆ ਵਿਭਾਗ ਵੱਲੋਂ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਜੇ ਕਿਸੇ ਵੀ ਨਿੱਜੀ ਸਕੂਲ ਵੱਲੋਂ ਪੰਜਾਬ ਸਕੂਲ ਸਿੱਖਿਆ ਬੋਰਡ ਦੀ ਰਜਿਸਟਰੇਸ਼ਨ ਫੀਸ ਨਾਲੋਂ ਵੱਧ ਫੀਸ ਵਿਦਿਆਰਥੀਆਂ ਤੋਂ ਵਸੂਲੇ ਜਾਣ ਦਾ ਮਾਮਲਾ ਧਿਆਨ ਵਿੱਚ ਆਉਂਦਾ ਹੈ ਤਾਂ ਇਸ ਦੀ ਰਿਪੋਰਟ ਬੋਰਡ ਦੇ ਚੇਅਰਮੈਨ ਤੇ ਜ਼ਿਲ੍ਹਾ ਨੋਡਲ ਅਫ਼ਸਰ ਨੂੰ ਭੇਜੀ ਜਾਵੇ। ਇਸ ਵੇਲੇ ਕਈ ਪ੍ਰਾਈਵੇਟ ਸਕੂਲ ਵੱਧ ਫੀਸ ਵਸੂਲ ਰਹੇ ਹਨ।