ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 20 ਅਕਤੂਬਰ
ਕੇਂਦਰੀ ਪੰਜਾਬੀ ਲੇਖਕ ਸਭਾ ਨੇ ਸੀਬੀਐੱਸਈ ਵੱਲੋਂ ਪੰਜਾਬੀ ਤੇ ਹੋਰ ਮਾਤ ਭਾਸ਼ਾਵਾਂ ਨੂੰ ਮੁੱਖ ਵਿਸ਼ਿਆਂ ਤੋਂ ਬਾਹਰ ਕੱਢੇ ਜਾਣ ਦੀ ਨਿਖੇਧੀ ਕੀਤੀ ਹੈ। ਸਭਾ ਦੇ ਪ੍ਰਧਾਨ ਦਰਸ਼ਨ ਸਿੰਘ ਬੁੱਟਰ, ਸੀਨੀਅਰ ਮੀਤ ਪ੍ਰਧਾਨ ਡਾ. ਜੋਗਾ ਸਿੰਘ ਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸੀਬੀਐੱਸਈ ਸਭ ਤੋਂ ਅਨਪੜ੍ਹ ਬੋਰਡ ਸਾਬਤ ਹੋਇਆ ਹੈ, ਜੋ ਦੁਨੀਆਂ ਭਰ ਦੀ ਮਾਹਰਾਂ ਦੀ ਰਾਇ, ਖੋਜ ਅਤੇ ਸਫ਼ਲ ਵਿਹਾਰ ਤੋਂ ਪੂਰੀ ਤਰ੍ਹਾਂ ਉਲਟ ਚੱਲ ਰਿਹਾ ਹੈ। ਬੁਲਾਰਿਆਂ ਨੇ ਦੋਸ਼ ਲਾਇਆ ਕਿ ਸੀਬੀਐੱਈ ਦਾ ਇੱਕੋ-ਇੱਕ ਟੀਚਾ ਅੰਗਰੇਜ਼ੀ ਭਾਸ਼ਾ ਨੂੰ ਥੰਮ੍ਹ ਬਣਾ ਕੇ ਨਿੱਜੀ ਸਿੱਖਿਆ ਮਾਫ਼ੀਆ ਦੀਆਂ ਤਿਜੋਰੀਆਂ ਭਰਨਾ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਪੱਖੋਂ ਸਫ਼ਲ ਹਰ ਦੇਸ਼ ’ਚ ਮਾਤ ਭਾਸ਼ਾ ਨੂੰ ਮਾਧਿਅਮ ਤੇ ਮੁੱਖ ਵਿਸ਼ੇ ਵਜੋਂ ਪੜ੍ਹਾਇਆ ਜਾਂਦਾ ਹੈ ਅਤੇ ਅੰਗਰੇਜ਼ੀ ਜਾਂ ਕੋਈ ਵੀ ਹੋਰ ਵਿਦੇਸ਼ੀ ਭਾਸ਼ਾ ਗੌਣ ਵਿਸ਼ੇ ਵਜੋਂ ਪੜ੍ਹਾਈ ਜਾਂਦੀ ਹੈ।
ਉਨ੍ਹਾਂ ਕਿਹਾ ਕਿ ਦੁਨੀਆਂ ’ਚ ਅਰਥਚਾਰੇ ’ਚ ਪਹਿਲੀਆਂ ਦੋ ਤਾਕਤਾਂ ’ਚੋਂ ਇੱਕ ਦੇਸ਼ ਚੀਨ ’ਚ ਵਿਦੇਸ਼ੀ ਭਾਸ਼ਾ ਦੀ ਪੜ੍ਹਾਈ ਚੌਥੀ ਜਮਾਤ ਤੋਂ ਹਫ਼ਤੇ ’ਚ ਤਿੰਨ ਦਿਨ ਕਰਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਸਿੱਖਿਆ ਵਿੱਚ ਦੁਨੀਆਂ ਦੇ ਸਭ ਤੋਂ ਫਾਡੀ ਦੇਸ਼ਾਂ ਵਿੱਚ ਸ਼ਾਮਲ ਹੈ। ਕੇਂਦਰੀ ਪੰਜਾਬੀ ਲੇਖਕ ਸਭਾ ਦੇ ਆਗੂਆਂ ਨੇ ਮੰਗ ਕੀਤੀ ਕਿ ਸੰਵਿਧਾਨ ਦੀ ਮੂਲ ਭਾਵਨਾ ਅਨੁਸਾਰ ਸਿੱਖਿਆ ਨੂੰ ਤੁਰੰਤ ਪੂਰੀ ਤਰ੍ਹਾਂ ਰਾਜਾਂ ਦੀ ਸੂਚੀ ’ਚ ਵਾਪਸ ਲਿਆ ਕੇ ਪੂਰੀ ਤਰ੍ਹਾਂ ਮਾਤ-ਭਾਸ਼ਾਵਾਂ ਆਧਾਰਤ ਬਣਾਇਆ ਜਾਵੇ, ਤਾਂ ਹੀ ਭਾਰਤ ਦੀਆਂ ਭਾਸ਼ਾਵਾਂ, ਸਿੱਖਿਆ ਅਤੇ ਵਿਕਾਸ ਨੂੰ ਲੀਹਾਂ ’ਤੇ ਲਿਆਂਦਾ ਜਾ ਸਕੇਗਾ।