ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗਡ੍ਹ, 2 ਨਵੰਬਰ
ਉੱਘੇ ਕਾਮਰੇਡ ਤੇ ਟਰੇਡ ਯੂਨੀਅਨ ਦੇ ਆਗੂ ਰਣਧੀਰ ਸਿੰਘ ਗਿੱਲ ਦਾ ਅੱਜ ਦੇਹਾਂਤ ਹੋ ਗਿਆ ਹੈ। ਪਿਛਲੇ ਕੁਝ ਅਰਸੇ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ। ਪਾਰਟੀ ਆਗੂ ਕੁਲਦੀਪ ਸਿੰਘ ਭੋਲਾ ਨੇ ਦੱਸਿਆ ਕਿ ਅੱਜ ਸ਼ਾਮ ਕਰੀਬ 4 ਵਜੇ ਉਨ੍ਹਾਂ ਨੇ ਮੋਗਾ ਦੇ ਇੱਕ ਨਿੱਜੀ ਹਸਪਤਾਲ ਵਿੱਚ ਆਖ਼ਰੀ ਸਾਹ ਲਿਆ। ਮੋਗਾ ਨੇੜਲੇ ਪਿੰਡ ਬਹੋਨਾ ਦੇ ਜੰਮਪਲ ਕਾਮਰੇਡ ਰਣਧੀਰ ਸਿੰਘ ਗਿੱਲ ਛੋਟੇ ਕਿਸਾਨ ਪਰਵਾਰ ਤੋਂ ਉੱਠ ਕੇ ਬੀਏ, ਬੀਐੱਡ ਕਰਨ ਮਗਰੋਂ ਅਧਿਆਪਨ ਦੇ ਖੇਤਰ ਵਿੱਚ ਆਏ, ਜਿੱਥੇ ਉਨ੍ਹਾਂ ਹਜ਼ਾਰਾਂ ਵਿੱਦਿਆਰਥੀਆਂ ਨੂੰ ਕਾਬਲੀਅਤ ਬਖ਼ਸ਼ਣ ਦੇ ਨਾਲ-ਨਾਲ ਪੰਜਾਬ ਅੰਦਰ ਮਜ਼ਬੂਤ ਅਧਿਆਪਕ ਲਹਿਰ ਵੀ ਜਥੇਬੰਦ ਕੀਤੀ। ਪੰਜਾਬ ਯੂਨੀਵਰਸਿਟੀ ਸੈਨੇਟ ਦੇ ਮੈਂਬਰ ਹੁੰਦਿਆਂ ਉਹ ਹਮੇਸ਼ਾ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਹਿਤਾਂ ਦੀ ਰਾਖੀ ਲਈ ਡਟਦੇ ਰਹੇ। ਸੇਵਾਮੁਕਤੀ ਮਗਰੋਂ ਉਨ੍ਹਾਂ ਭਾਰਤੀ ਕਮਿਊਨਿਸਟ ਪਾਰਟੀ ਦੇ ਮੰਚ ਤੋਂ ਸਿਆਸੀ ਖੇਤਰ ਵਿੱਚ ਵੀ ਸ਼ਾਨਦਾਰ ਭੂਮਿਕਾ ਨਿਭਾਈ। ਉਹ ਪਾਰਟੀ ਦੇ ਸੂਬਾ ਐਗਜ਼ੈਕਟਿਵ, ਸੂਬਾ ਕੌਂਸਲ ਤੇ ਜ਼ਿਲ੍ਹਾ ਸਕੱਤਰ ਵਰਗੇ ਅਹਿਮ ਅਹੁਦਿਆਂ ’ਤੇ ਰਹਿੰਦੇ ਹੋਏ ਤਾਉਮਰ ਜਮਾਤੀ ਸੰਘਰਸ਼ਾਂ ਨੂੰ ਲਾਮਬੰਦ ਕਰਦੇ ਰਹੇ। ਕਾਮਰੇਡ ਭੋਲਾ ਨੇ ਦੱਸਿਆ ਕਿ ਰਣਧੀਰ ਸਿੰਘ ਗਿੱਲ ਦਾ ਸਸਕਾਰ 4 ਨਵੰਬਰ ਨੂੰ ਦੁਪਿਹਰ ਬਾਅਦ ਇੱਕ ਵਜੇ ਉਨ੍ਹਾਂ ਦੇ ਪਿੰਡ ਬਹੋਨਾ (ਮੋਗਾ) ਵਿੱਚ ਕੀਤਾ ਜਾਵੇਗਾ। ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਉਨ੍ਹਾਂ ਦੇ ਘਰ ਤੋਂ ਠੀਕ 12 ਵਜੇ ਬਹੋਨਾ ਪਿੰਡ ਲਈ ਰਵਾਨਾ ਕੀਤਾ ਜਾਵੇਗਾ।