ਨਿੱਜੀ ਪੱਤਰ ਪ੍ਰੇਰਕ
ਸੰਗਰੂਰ, 11 ਸਤੰਬਰ
ਇੱਥੇ ਅੱਜ ਪੰਜਾਬ ਭਰ ’ਚੋਂ ਪੁੱਜੇ ਕੰਪਿਊਟਰ ਅਧਿਆਪਕਾਂ ਨੇ ਸੂਬਾ ਸਰਕਾਰ ਦੀ ਵਾਅਦਾਖ਼ਿਲਾਫ਼ੀ ਵਿਰੁੱਧ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਆਵਾਜਾਈ ਠੱਪ ਕਰ ਕੇ ਰੋਸ ਧਰਨਾ ਦਿੱਤਾ। ਧਰਨਾਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕੰਪਿਊਟਰ ਅਧਿਆਪਕਾਂ ਦੇ ਜੁਲਾਈ-2011 ਦੇ ਨਿਯਮਤ ਕਰਨ ਸਬੰਧੀ ਨਿਯੁਕਤੀ ਪੱਤਰਾਂ ’ਚ ਦਰਜ ਲਾਭ ਨਾ ਦਿੱਤੇ ਤਾਂ ਵੱਖ-ਵੱਖ ਸ਼ਹਿਰਾਂ ਵਿੱਚ ਆਮ ਆਦਮੀ ਪਾਰਟੀ ਵਿਰੁੱਧ ਪ੍ਰਚਾਰ ਕੀਤਾ ਜਾਵੇਗਾ। ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਅਧਿਆਪਕ ਯੂਨੀਅਨ ਨੂੰ 11 ਅਕਤੂਬਰ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦੀ ਪੇਸ਼ਕਸ਼ ਕੀਤੀ ਪਰ ਯੂਨੀਅਨ ਨੇ ਮੀਟਿੰਗ ਦਾ ਸਮਾਂ ਜ਼ਿਆਦਾ ਦੂਰ ਹੋਣ ਕਾਰਨ ਇਹ ਪੇਸ਼ਕਸ਼ ਠੁਕਰਾਉਂਦਿਆਂ 2 ਅਕਤੂਬਰ ਨੂੰ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਦਾ ਐਲਾਨ ਕਰ ਦਿੱਤਾ। ਇਸ ਤੋਂ ਪਹਿਲਾਂ ਕੰਪਿਊਟਰ ਅਧਿਆਪਕ ਐੱਨਐੱਚ-7 ’ਤੇ ਸਥਿਤ ਪਟਿਆਲਾ ਬਾਈਪਾਸ ਓਵਰਬ੍ਰਿਜ ਨੇੜੇ ਇਕੱਠੇ ਹੋਏ। ਅਧਿਆਪਕ ਜਿਵੇਂ ਹੀ ਰੋਸ ਮਾਰਚ ਕਰਦੇ ਹੋਏ ਮੁੱਖ ਮੰਤਰੀ ਦੀ ਰਿਹਾਇਸ਼ੀ ਕਲੋਨੀ ਦੇ ਮੁੱਖ ਗੇਟ ’ਤੇ ਪਹੁੰਚੇ ਤਾਂ ਪੁਲੀਸ ਨੇ ਨਾਕੇ ਲਗਾ ਕੇ ਉਨ੍ਹਾਂ ਨੂੰ ਰੋਕ ਲਿਆ। ਇਸ ਮਗਰੋਂ ਅਧਿਆਪਕਾਂ ਵੱਲੋਂ ਆਵਾਜਾਈ ਠੱਪ ਕਰ ਕੇ ਸੜਕ ’ਤੇ ਹੀ ਧਰਨਾ ਲਗਾ ਦਿੱਤਾ। ਇਸ ਮੌਕੇ ਯੂਨੀਅਨ ਦੇ ਸੂਬਾ ਸਰਪ੍ਰਸਤ ਗੁਰਵਿੰਦਰ ਸਿੰਘ ਤਰਨ ਤਾਰਨ ਅਤੇ ਸੀਨੀਅਰ ਮੀਤ ਪ੍ਰਧਾਨ ਹਰਜੀਤ ਸਿੰਘ ਸੰਧੂ ਨੇ ਦੋਸ਼ ਲਾਇਆ ਕਿ ਸਰਕਾਰ ਕੰਪਿਊਟਰ ਅਧਿਆਪਕਾਂ ਦੇ ਨਿਯੁਕਤੀ ਪੱਤਰਾਂ ਅਨੁਸਾਰ ਪੰਜਾਬ ਸਿਵਲ ਸੇਵਾਵਾਂ ਦੇ ਨਿਯਮ ਲਾਗੂ ਨਹੀਂ ਕਰ ਰਹੀ। ਉਨ੍ਹਾਂ ਕਿਹਾ ਕਿ ਜੁਲਾਈ-2011 ਵਿੱਚ ਮੌਕੇ ਦੀ ਸਰਕਾਰ ਨੇ ਰਾਜਪਾਲ ਦੀ ਪ੍ਰਵਾਨਗੀ ਸਹਿਤ ਸਿੱਖਿਆ ਵਿਭਾਗ ਅਧੀਨ ਬਣੀ ਪਿਕਟਸ ਸੁਸਾਇਟੀ ਵਿੱਚ ਇਨ੍ਹਾਂ ਦੀਆਂ ਸੇਵਾਵਾਂ ਨਿਯਮਤ ਕਰ ਦਿੱਤੀਆਂ ਸਨ ਪਰ ਅਜੇ ਤੱਕ ਨਿਯੁਕਤੀ ਪੱਤਰਾਂ ’ਚ ਦਰਜ ਸੇਵਾ ਲਾਭਾਂ ਨੂੰ ਪੂਰਨ ਰੂਪ ਵਿੱਚ ਲਾਗੂ ਨਹੀਂ ਕੀਤਾ ਗਿਆ। ਰੋਸ ਧਰਨੇ ’ਚ ਯੂਨੀਅਨ ਆਗੂ ਪਰਮਿੰਦਰ ਸਿੰਘ ਘੁਮਾਣ, ਹਰਪ੍ਰੀਤ ਸਿੰਘ ਲੁਧਿਆਣਾ, ਅਨਿਲ ਐਰੀ, ਏਕਮਓਂਕਾਰ ਸਿੰਘ, ਨਰਦੀਪ ਸ਼ਰਮਾ ਤੇ ਸਿਕੰਦਰ ਸਿੰਘ ਆਦਿ ਸ਼ਾਮਲ ਸਨ।