ਮਹਿੰਦਰ ਸਿੰਘ ਰੱਤੀਆਂ/ਗੁਰਜੰਟ ਸਿੰਘ ਕਲਸੀ
ਮੋਗਾ/ਸਮਾਲਸਰ 14 ਜੁਲਾਈ
ਥਾਣਾ ਸਮਾਲਸਰ ਅਧੀਨ ਪਿੰਡ ਲੰਡੇ ਤੇ ਡੇਮਰੂ ਲਿੰਕ ਸੜਕ ਉੱਤੇ ਲੰਘੀ ਰਾਤ ਟਰੈਕਟਰ ਚਾਲਕ ਨਾਲ ਕਾਰ ਓਵਰਟੇਕ ਕਰਨ ਤੋਂ ਪੁਲੀਸ ਮੁਲਾਜ਼ਮਾਂ ਦਾ ਝਗੜਾ ਹੋ ਗਿਆ। ਇਸ ਦੌਰਾਨ ਰੇਤ ਨਾਲ ਭਰੀ ਟਰਾਲੀ ਖੇਤ ’ਚ ਪਲਟੀ ਗਈ, ਉੱਤੇ ਬਿਜਲੀ ਦਾ ਖੰਬਾ ਵੀ ਡਿੱਗ ਪਿਆ। ਪੁਲੀਸ ਮੁਲਾਜ਼ਮਾਂ ਨੇ ਟਰੈਕਟਰ ਚਾਲਕ ਉੱਤੇ ਕਾਰ ਦੀ ਭੰਨ ਤੋੜ ਦਾ ਦੋਸ਼ ਲਾਇਆ।
ਇਸ ਮੌਕੇ ਦੋਵਾਂ ਧਿਰਾਂ ’ਚ ਘਸੁੰਨ ਮੁੱਕੀ ਹੋਣ ਤੇ ਡਾਂਗਾਂ ਚੱਲਣ ਨਾਲ ਪੁਲੀਸ ਦਾ ਲਾਂਗਰੀ ਤੇ ਟਰੈਕਟਰ ਚਾਲਕ ਜ਼ਖ਼ਮੀ ਹੋ ਗਏ। ਦੋਵਾਂ ਜ਼ਖ਼ਮੀਆਂ ਨੂੰ ਮੋਗਾ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਥਾਣਾ ਸਮਾਲਸਰ ਮੁਖੀ ਇੰਸਪੈਕਟਰ ਕੁਲਵਿੰਦਰ ਸਿੰਘ ਨੇ ਕਿਹਾ ਕਿ ਦੋਵਾਂ ਧਿਰਾਂ ’ਚ ਨੁਕਸਾਨ ਅਤੇ ਝਗੜੇ ਦਾ ਰਾਜ਼ੀਨਾਮਾ ਹੋ ਗਿਆ ਹੈ। ਲੰਘੀ ਰਾਤ ਜਸਕਰਨ ਸਿੰਘ ਟਰੈਕਟਰ ਨਾਲ ਟਰਾਲੀ ਵਿੱਚ ਰੇਤ ਭਰ ਕੇ ਆਪਣੇ ਪਿੰਡ ਆ ਰਿਹਾ ਸੀ। ਪਿੰਡ ਲੰਡੇ- ਡੇਮਰੂ ਲਿੰਕ ਸੜਕ ਉੱਤੇ ਟਰੈਕਟਰ-ਟਰਾਲੀ ਪਿੱਛੇ ਸਵਿਫ਼ਟ ਕਾਰ ਆ ਰਹੀ ਸੀ, ਜਿਸ ਵਿੱਚ ਪੁਲੀਸ ਚੌਕੀ ਨੱਥੂਵਾਲਾ ਦਾ ਲਾਂਗਰੀ ਬਲਜੀਤ ਸਿੰਘ ਨਾਲ ਸਿਪਾਹੀ ਤੇ ਹੋਮ ਗਾਰਡ ਸਵਾਰ ਸਨ। ਉਨ੍ਹਾਂ ਟਰੈਕਟਰ ਨੂੰ ਓਵਰਟੇਕ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ। ਪੁਲੀਸ ਮੁਤਾਬਕ ਟਰੈਕਟਰ ਚਾਲਕ ਨੇ ਕਿਹਾ ਕਿ ਉਸ ਨੂੰ ਕਾਰ ਦੇ ਹਾਰਨ ਦੀ ਅਵਾਜ਼ ਨਹੀਂ ਸੁਣਾਈ ਦਿੱਤੀ। ਪੁਲੀਸ ਮੁਲਾਜ਼ਮਾਂ ਵੱਲੋਂ ਕਾਰ ਓਵਰਟੇਕ ਕਰਨ ਸਮੇਂ ਰੇਤ ਨਾਲ ਭਰੀ ਟਰੈਕਟਰ ਟਰਾਲੀ ਖੇਤ ਵਿੱਚ ਜਾ ਪਲਟ ਗਈ ਅਤੇ ਉਸ ਉਪਰ ਬਿਜਲੀ ਦਾ ਖੰਬਾਂ ਡਿੱਗ ਪਿਆ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਇਸ ਮੌਕੇ ਦੋਵਾਂ ਧਿਰਾਂ ਵਿੱਚ ਬਹਿਸ ਮਗਰੋਂ ਘਸੁੰਨ-ਮੁੱਕੀ ਡਾਂਗ-ਸੋਟਾ ਚੱਲਿਆ। ਇਸ ਝਗੜੇ ਵਿੱਚ ਟਰੈਕਟਰ ਚਾਲਕ ਜਸਕਰਨ ਸਿੰਘ ਅਤੇ ਪੁਲੀਸ ਦਾ ਲਾਂਗਰੀ ਬਲਜੀਤ ਸਿੰਘ ਜ਼ਖ਼ਮੀ ਹੋ ਗਏ ਸਨ। ਉਨ੍ਹਾਂ ਨੂੰ ਇਥੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਪੁਲੀਸ ਮੁਲਾਜ਼ਮਾਂ ਨੇ ਟਰੈਕਟਰ ਚਾਲਕ ਉੱਤੇ ਸਵਿਫ਼ਟ ਕਾਰ ਦੀ ਭੰਨਤੋੜ ਦਾ ਦੋਸ਼ ਲਾਇਆ। ਜਾਂਚ ਅਧਿਕਾਰੀ ਏਐੱਸਆਈ ਗੁਰਮੇਲ ਸਿੰਘ ਨੇ ਕਿਹਾ ਕਿ ਦੋਵਾਂ ਵਿੱਚ ਸਮਝੌਤਾ ਦੀ ਗੱਲਬਾਤ ਚੱਲ ਰਹੀ ਹੈ, ਜਦੋਂ ਕਿ ਥਾਣਾ ਮੁਖੀ ਨੇ ਦੋਵਾਂ ਧਿਰਾਂ ਵਿੱਚ ਸਮਝੌਤਾ ਹੋਣ ਦੀ ਗੱਲ ਆਖੀ ਹੈ।