ਪੱਤਰ ਪ੍ਰੇਰਕ
ਰੂਪਨਗਰ, 1 ਮਈ
ਪੰਜਾਬ ਸੂਬੇ ਦੇ ਸਭ ਤੋਂ ਵੱਡੇ ਖਣਨ ਸਰੋਤ ਵੱਜੋਂ ਜਾਣੇ ਜਾਂਦੇ ਜ਼ਿਲ੍ਹਾ ਰੂਪਨਗਰ ਅੰਦਰ ਖਣਨ ਠੇਕੇਦਾਰ ਅਤੇ ਖਣਨ ਵਿਭਾਗ ਵਿਚਕਾਰ ਕਰੋੜਾਂ ਰੁਪਏ ਦੀ ਬਕਾਇਆ ਰਕਮ ਲਈ ਤਾਣੀ ਉਲਝ ਗਈ ਹੈ ਜਿਸ ਕਰਕੇ ਜ਼ਿਲ੍ਹੇ ਦੇ ਲੋਕਾਂ ਨੂੰ ਕਾਨੂੰਨੀ ਤੌਰ ’ਤੇ ਜਾਇਜ਼ ਖਣਨ ਦੀ ਆਗਿਆ ਮਿਲਣ ਲਈ ਹਾਲੇ ਕੁੱਝ ਸਮਾਂ ਹੋਰ ਇੰਤਜ਼ਾਰ ਕਰਨਾ ਪੈ ਸਕਦਾ ਹੈ। ਜਾਣਕਾਰੀ ਅਨੁਸਾਰ ਬਲਾਕ-1 ਰੂਪਨਗਰ ਦੀਆਂ ਖਣਨ ਖੱਡਾਂ ਦਾ ਠੇਕਾ ਲੈਣ ਵਾਲੇ ਠੇਕੇਦਾਰ ਵੱਲ ਖਣਨ ਵਿਭਾਗ ਦੀ ਲਗਪਗ 11 ਕਰੋੜ ਰੁਪਏ ਦੀ ਪਿਛਲੀ ਰਕਮ ਬਾਕਾਇਆ ਖੜ੍ਹੀ ਸੀ। ਠੇਕੇਦਾਰ ਵੱਲੋਂ ਇਸ ਸਾਲ ਦੀ ਪਹਿਲੀ ਕਿਸ਼ਤ ਵੀ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਖਣਨ ਵਿਭਾਗ ਨੇ ਪਹਿਲਾਂ ਤਾਂ ਠੇਕੇਦਾਰ ਦਾ ਲਾਇਸੈਂਸ ਮੁਲਤਵੀ ਕਰਦਿਆਂ ਬਕਾਇਆ ਲਗਭਗ 15 ਕਰੋੜ ਰੁਪਏ ਦੀ ਰਕਮ ਜਮ੍ਹਾਂ ਕਰਵਾਉਣ ਦੀ ਹਦਾਇਤ ਕੀਤੀ ਸੀ ਤੇ ਨਿਰਧਾਰਿਤ ਸਮੇਂ ਅੰਦਰ ਰਕਮ ਜਮ੍ਹਾਂ ਨਾ ਕਰਵਾਏ ਜਾਣ ਕਾਰਨ ਹੁਣ ਖਣਨ ਵਿਭਾਗ ਵੱਲੋਂ ਠੇਕੇਦਾਰ ਨੂੰ 11 ਅਪਰੈਲ ਨੂੰ ਨੋਟਿਸ ਜਾਰੀ ਕਰਕੇ ਬਕਾਇਆ ਰਕਮ ਜਮ੍ਹਾਂ ਕਰਵਾਉਣ ਲਈ ਇੱਕ ਮਹੀਨੇ ਦਾ ਨੋਟਿਸ ਦਿੱਤਾ ਗਿਆ ਹੈ। ਵਿਭਾਗ ਵੱਲੋਂ ਬਕਾਇਆ ਰਕਮ ਜਮ੍ਹਾਂ ਨਾ ਕਰਵਾਉਣ ਦੀ ਸੂਰਤ ਵਿੱਚ ਲਾਇਸੈਂਸ ਰੱਦ ਕਰਨ ਦੀ ਚਿਤਾਵਨੀ ਵੀ ਦਿੱਤੀ ਗਈ ਹੈ।
ਨਵੀਂ ਖਣਨ ਨੀਤੀ ਜਲਦੀ ਹੋਵੇਗੀ ਲਾਗੂ: ਬੈਂਸ
ਖਣਨ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਗੈਰਕਾਨੂੰਨੀ ਖਣਨ ਨੁੰ ਬੰਦ ਕਰਵਾਉਣ ਅਤੇ ਲੋਕਾਂ ਦਾ ਸਰਮਾਇਆ ਨਿੱਜੀ ਜੇਬਾਂ ਵਿੱਚ ਜਾਣ ਤੋਂ ਰੋਕਣ ਦਾ ਵਾਅਦਾ ਕਰਕੇ ਸੱਤਾ ਵਿੱਚ ਆਏ ਹਨ। ਜਲਦੀ ਹੀ ਨਵੀਂ ਖਣਨ ਪਾਲਿਸੀ ਰਾਹੀਂ ਬੇਈਮਾਨ ਤੱਤਾਂ ਨੂੰ ਬਾਹਰ ਕਰਕੇ ਖਣਨ ਦਾ ਕੰਮ ਸਰਕਾਰ ਖੁਦ ਸੰਭਾਲੇਗੀ ਤੇ ਰੇਤੇ ਬਜਰੀ ਦੀ ਸਪਲਾਈ ਲਈ ਪਹਿਲੀ ਤਰਜੀਹ ਪੰਜਾਬ ਦੀ ਆਮ ਜਨਤਾ ਹੋਵੇਗੀ।