ਸਰਬਜੀਤ ਸਿੰਘ ਭੰਗੂ
ਪਟਿਆਲਾ, 6 ਅਕਤੂਬਰ
ਇਥੇ ਕੈਬਨਿਟ ਮੰਤਰੀ ਬ੍ਰ੍ਰਹਮ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਪਾਰਟੀ ਇੱਕ ਵੱਡਾ ਪਰਿਵਾਰ ਹੈ ਅਤੇ ਪਰਿਵਾਰਾਂ ’ਚ ਗਿਲੇ-ਸ਼ਿਕਵੇ ਹੋ ਜਾਂਦੇ ਹਨ, ਜੋ ਸਮਾਂ ਪਾ ਕੇ ਦੂਰ ਵੀ ਹੋ ਜਾਂਦੇ ਹਨ। ਉਸੇ ਤਰ੍ਹਾਂ ਹੀ ਕਾਂਗਰਸ ਵਿਚਲੇ ਸਾਰੇ ਗਿਲੇ ਸ਼ਿਕਵੇ ਵੀ ਛੇਤੀ ਦੂਰ ਹੋਣਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਾਂਗਰਸ ਛੱਡੇ ਜਾਣ ਦੀ ਚਰਚਾ ਦੇ ਹਵਾਲੇ ਨਾਲ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਬਾਰੇ ਉਨ੍ਹਾਂ ਕਿਹਾ ਕਿ ਭਾਵੇਂ ਉਹ ਕਿਸੇ ਵੀ ਪਾਰਟੀ ’ਚ ਹੋਵੇ ਪਰ ਜੇਕਰ ਕੋਈ ਵੱਡਾ ਨੇਤਾ ਕਿਸੇ ਵੀ ਜਗ੍ਹਾ ਤੋਂ ਜਾਂਦਾ ਹੈ ਤਾਂ ਇਸ ਦਾ ਅਸਰ ਕਿਸੇ ਨਾ ਕਿਸੇ ਰੂਪ ’ਚ ਪੈਣਾ ਸੁਭਾਵਿਕ ਹੈ।
ਕੈਪਟਨ ਅਮਰਿੰਦਰ ਸਿੰਘ ਨੂੰ ਪਾਰਟੀ ’ਚੋਂ ਜਾਣ ਤੋਂ ਰੋਕਣ ਸਬੰਧੀ ਚਾਰਾਜੋਈ ਬਾਰੇ ਉਨ੍ਹਾਂ ਦਾ ਜਵਾਬ ਸੀ ਕਿ ਇਸ ਬਾਰੇ ਹਾਈਕਮਾਨ ਹੀ ਜਾਣਦੀ ਹੈ। ਇਸ ਦੌਰਾਨ ਬ੍ਰਹਮ ਮਹਿੰਦਰਾ ਨੇ ਕੈਪਟਨ ਅਮਰਿੰਦਰ ਸਿੰਘ ਦੀ ਮੁੱਖ ਮੰਤਰੀ ਵਜੋਂ ਸਾਢੇ ਚਾਰ ਸਾਲਾਂ ਦੇ ਕਾਰਜਕਾਲ ’ਤੇ ਤਸੱਲੀ ਪ੍ਰਗਟਾਈ ਅਤੇ ਆਖਿਆ ਕਿ ਉਹ ਪਹਿਲਾਂ ਹੀ ਕਹਿ ਚੁੁੱਕੇ ਹਨ ਕਿ ਸਾਢੇ ਚਾਰ ਸਾਲਾਂ ਦੌਰਾਨ ਕੈਪਟਨ ਨੇ ਪੰਜਾਬ ਲਈ ਬਹੁਤ ਕੰਮ ਕੀਤਾ ਹੈ। ਉਨ੍ਹਾਂ ਦੱਸਿਆ ਕਿ ਕਾਂਗਰਸ ਦੇ ਚੋਣ ਮੈਨੀਫੈਸਟੋ ਦੀਆਂ ਮੱਦਾਂ ਵਿਚੋਂ 160 ਮੱਦਾਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਹਨ। ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮਨਜ਼ੂਰੀ ਬਾਰੇ ਉਨ੍ਹਾਂ ਕਿਹਾ ਕਿ ਇਸ ਬਾਰੇ ਪੰਜਾਬ ਪਾਰਟੀ ਪ੍ਰਧਾਨ ਜਾਂ ਕਾਂਗਰਸ ਪਾਰਟੀ ਦੀ ਹਾਈਕਮਾਨ ਹੀ ਦੱਸ ਸਕਦੀ ਹੈ।