ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 17 ਮਈ
ਦਿੱਲੀ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਵੱਲੋਂ ਫਿਲਮ ਅਦਾਕਾਰ ਅਮਿਤਾਭ ਬੱਚਨ ਤੋਂ ਦੋ ਕਰੋੜ ਰੁਪਏ ਦਾਨ ਵਜੋਂ ਲੈਣ ਦਾ ਮਾਮਲਾ ਅੱਜ ਮੁੜ ਸ੍ਰੀ ਅਕਾਲ ਤਖ਼ਤ ’ਤੇ ਪੁੱਜਾ ਹੈ। ਇਸ ਸਬੰਧੀ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਸ੍ਰੀ ਅਕਾਲ ਤਖ਼ਤ ਵਿਖੇ ਸ਼ਿਕਾਇਤ ਕੀਤੀ ਹੈ। ਇਸੇ ਤਰ੍ਹਾਂ ਨਵੰਬਰ 1984 ਸਿੱਖ ਕਤਲੇਆਮ ਦੇ ਪੀੜਤ ਬਾਬੂ ਸਿੰਘ ਦੁਖੀਆ ਨੇ ਵੀ ਇਸੇ ਮਾਮਲੇ ਵਿੱਚ ਅਕਾਲ ਤਖ਼ਤ ’ਤੇ ਪੱਤਰ ਦਿੱਤਾ ਹੈ। ਇਨ੍ਹਾਂ ਆਗੂਆਂ ਨੇ ਇਸ ਮਾਮਲੇ ਵਿੱਚ ਸ੍ਰੀ ਸਿਰਸਾ ਖ਼ਿਲਾਫ਼ ਕਾਰਵਾਈ ਦੀ ਅਪੀਲ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਪੱਤਰ ਸੌਂਪਣ ਮਗਰੋਂ ਮੀਡੀਆ ਨਾਲ ਗੱਲ ਕਰਦਿਆਂ ਮਨਜੀਤ ਸਿੰਘ ਨੇ ਆਖਿਆ ਕਿ ਅਮਿਤਾਭ ਬੱਚਨ ਵੱਲੋਂ ਮਨਜਿੰਦਰ ਸਿੰਘ ਸਿਰਸਾ ਨੂੰ ਹੁਣ 2 ਕਰੋੜ ਅਤੇ ਇਸ ਤੋਂ ਪਹਿਲਾਂ 10 ਕਰੋੜ ਰੁਪਏ ਦਿੱਤੇ ਗਏ ਹਨ, ਜਿਸ ਨੂੰ ਵਾਪਸ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਉਸ ਨੂੰ ਨਵੰਬਰ, 1984 ਸਿੱਖ ਕਤਲੇਆਮ ਲਈ ਜ਼ਿੰਮੇਵਾਰ ਮੰਨਦੀ ਹੈ। ਇਸ ਲਈ ਅਜਿਹੇ ਵਿਅਕਤੀ ਦੀ ਮਦਦ ਸਿੱਖ ਕੌਮ ਸਵੀਕਾਰ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਸ੍ਰੀ ਸਿਰਸਾ ਨੇ ਨਾ ਸ ਿਰਫ਼ ਇਸ ਗੱਲ ਨੂੰ ਸਿੱਖ ਕੌਮ ਤੋਂ ਲੁਕੋਣ ਦਾ ਯਤਨ ਕੀਤਾ, ਸਗੋਂ ਇਹ ਰਕਮ ਲੈ ਕੇ ਅਮਿਤਾਭ ਬੱਚਨ ਨੂੰ ਕਲੀਨ ਚਿੱਟ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਦੋਂ 10 ਕਰੋੜ ਰੁਪਏ ਦਿੱਤੇ ਗਏ ਸਨ ਤਾਂ ਸ੍ਰੀ ਸਿਰਸਾ ਨੇ ਇਸ ਦੀ ਭਿਣਕ ਵੀ ਨਹੀਂ ਪੈਣ ਦਿੱਤੀ। ਇਸ ਦੌਰਾਨ ਸਿੱਖ ਵਿਦਵਾਨ ਗੁਰਦੀਪ ਸਿੰਘ ਨੇ ਆਖਿਆ ਕਿ ਸ੍ਰੀ ਬੱਚਨ ਨੇ ਕਰੋਨਾ ਮਰੀਜ਼ਾਂ ਅਤੇ ਡਾਇਗਨੌਸਟਿਕ ਸੈਂਟਰ ਲਈ ਜੋ ਵਿੱਤੀ ਮਦਦ ਦਿੱਤੀ ਹੈ, ਉਹ ਲੋਕਾਂ ਦੇ ਸੇਵਾ ਕਾਰਜਾਂ ਵਿੱਚ ਲੱਗੀ ਹੈ। ਉਨ੍ਹਾਂ ਕਿਹਾ ਕਿ ਸਿਆਸਤਦਾਨ ਇਸ ਮੁੱਦੇ ’ਤੇ ਸਿਆਸਤ ਨਾ ਕਰਨ।
ਜੀਕੇ ’ਤੇ ਦਿੱਲੀ ਕਮੇਟੀ ਨੂੰ ਬਦਨਾਮ ਕਰਨ ਦੇ ਦੋਸ਼
ਨਵੀਂ ਦਿੱਲੀ (ਮਨਧੀਰ ਸਿੰਘ ਦਿਓਲ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਲੀਗਲ ਸੈੱਲ ਦੇ ਚੇਅਰਮੈਨ ਜਗਦੀਪ ਸਿੰਘ ਕਾਹਲੋਂ, ਮੈਂਬਰ ਗੁਰਮੀਤ ਸਿੰਘ ਭਾਟੀਆ, ਮਨਜੀਤ ਸਿੰਘ ਔਲਖ ਤੇ ਸਰਵਜੀਤ ਸਿੰਘ ਵਿਰਕ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਅਪੀਲ ਕੀਤੀ ਹੈ ਕਿ ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਖ਼ਿਲਾਫ਼ ਤੁਰੰਤ ਕਾਰਵਾਈ ਕੀਤੀ ਜਾਵੇ, ਜੋ ਹਮੇਸ਼ਾ ਸਿੱਖ ਹਿੱਤਾਂ ਖ਼ਿਲਾਫ਼ ਸਰਗਰਮ ਰਹਿੰਦੇ ਹਨ। ਇਨ੍ਹਾਂ ਮੈਂਬਰਾਂ ਨੇ ਕਿਹਾ ਕਿ ਜਥੇਦਾਰ ਨੇ ਹਦਾਇਤ ਕੀਤੀ ਸੀ ਕਿ ਦਿੱਲੀ ਵਿੱਚ ਆਪਸ ’ਚ ਕਿਸੇ ਕਿਸਮ ਦੀ ਦੂਸ਼ਣਬਾਜ਼ੀ ਨਾ ਕੀਤੀ ਜਾਵੇ ਪਰ ਮਨਜੀਤ ਸਿੰਘ ਜੀਕੇ ਨੇ ਇਨ੍ਹਾਂ ਹਦਾਇਤਾਂ ਦੀ ਪਾਲਣਾ ਕਰਨ ਦੀ ਥਾਂ ਦਿੱਲੀ ਕਮੇਟੀ ਦੀ ਬਦਨਾਮੀ ਲਈ ਅੱਤ ਚੁੱਕ ਲਈ ਹੈ। ਉਨ੍ਹਾਂ ਕਿਹਾ ਕਿ ਸ੍ਰੀ ਜੀਕੇ 6 ਸਾਲ ਪ੍ਰਧਾਨ ਰਹੇ ਤੇ ਇਸ ਅਰਸੇ ਦੌਰਾਨ ਉਨ੍ਹਾਂ ਨੇ ਕਦੇ ਵੀ 1984 ਸਿੱਖ ਕਤਲੇਆਮ ਦੇ ਮਾਮਲੇ ਵਿੱਚ ਅਮਿਤਾਭ ਬੱਚਨ ਖ਼ਿਲਾਫ਼ ਕਾਰਵਾਈ ਤਾਂ ਕੀ ਕਰਨੀ ਸੀ, ਸਗੋਂ ਉਨ੍ਹਾਂ ਦਾ ਨਾਂ ਵੀ ਨਹੀਂ ਲਿਆ।