ਨਿੱਜੀ ਪੱਤਰ ਪ੍ਰੇਰਕ
ਨਾਭਾ, 11 ਜਨਵਰੀ
ਨਾਭਾ ਤੋਂ ਭਾਜਪਾ ਉਮੀਦਵਾਰ ਗੁਰਪ੍ਰੀਤ ਸਿੰਘ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਵਿੱਚ ਗ਼ਲਤ ਜਾਣਕਾਰੀ ਦੇਣ ਦੀ ਸ਼ਿਕਾਇਤ ਮਿਲਣ ਮਗਰੋਂ ਜ਼ਿਲ੍ਹਾ ਚੋਣ ਅਧਿਕਾਰੀ ਨੇ ਨਾਭਾ ਰਿਟਰਨਿੰਗ ਅਫਸਰ ਤੋਂ ਰਿਪੋਰਟ ਤਲਬ ਕੀਤੀ ਹੈ। ਸ਼ਿਕਾਇਤ ਅਨੁਸਾਰ ਪਿੰਡ ਸ਼ਾਹਪੁਰ ਦੇ ਸਾਬਕਾ ਸਰਪੰਚ ਗੁਰਪ੍ਰੀਤ ਸਿੰਘ ਨੇ ਗਬਨ ਦੇ ਦੋਸ਼ ਹੇਠ ਪੰਚਾਇਤ ਵਿਭਾਗ ਦਾ ਬਕਾਇਆ ਦੇਣਾ ਹੈ। ਇਹ ਗੱਲ ਨਾਮਜ਼ਦਗੀ ਪੱਤਰ ਵਿੱਚ ਜ਼ਾਹਰ ਨਹੀਂ ਕੀਤੀ ਗਈ। ਇਸ ਤੋਂ ਇਲਾਵਾ ਉਮੀਦਵਾਰ ਨੇ ਨਾਮਜ਼ਦਗੀ ਪੱਤਰ ਵਿਚ ਦੱਸਿਆ ਕਿ ਇੱਕ ਕੇਸ ਰੱਦ ਹੋਣ ਦੀ ਪ੍ਰਕਿਰਿਆ ਵਿੱਚ ਹੈ ਪਰ ਇਸ ਤਰ੍ਹਾਂ ਦੀ ਕੋਈ ਫਾਈਲ ਹਾਲੇ ਕਿਸੇ ਵੀ ਅਦਾਲਤ ’ਚ ਨਹੀਂ ਪਹੁੰਚੀ।
ਸ਼ਿਕਾਇਤਕਰਤਾ ਬਲਕਰਨ ਸਿੰਘ ਨੇ ਦੱਸਿਆ ਕਿ ਭਾਜਪਾ ਦੀ ਟਿਕਟ ਦਾ ਐਲਾਨ ਹੁੰਦੇ ਹੀ 29 ਜਨਵਰੀ ਨੂੰ ਉਸ ਨੇ ਨਾਭਾ ਦੇ ਐੱਸਡੀਐੱਮ ਨੂੰ ਲਿਖਤੀ ਤੌਰ ’ਤੇ ਇਸ ਬਾਰੇ ਜਾਣੂ ਕਰਵਾ ਦਿੱਤਾ ਸੀ। ਇਸ ਸਬੰਧੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਰਿਕਵਰੀ ਦੇ ਨੋਟਿਸ 2018 ਤੋਂ ਆਉਣ ਲੱਗੇ। ਉਨ੍ਹਾਂ ਦੇ ਪਿੱਛੋਂ ਕਿੰਨੇ ਹੀ ਸਰਪੰਚ ਆਏ, ਪਤਾ ਨਹੀਂ ਕਿਸ ਸਰਪੰਚ ਕੋਲੋਂ ਗੜਬੜ ਹੋਈ ਹੈ। ਅਪਰਾਧਕ ਕੇਸ ਬਾਰੇ ਉਨ੍ਹਾਂ ਕਿਹਾ ਕਿ ਫਾਈਲ ਐੱਸਐੱਸਪੀ ਕੋਲ ਪਈ ਹੈ, ਜੋ ਜਲਦੀ ਹੀ ਤਸਦੀਕ ਕਰ ਕੇ ਅਦਾਲਤ ਭੇਜਣਗੇ।
ਡੀਸੀ ਸੰਦੀਪ ਹੰਸ ਨੇ ਕਿਹਾ ਕਿ ਹੁਣ ਸਮਾਂ ਲੰਘਣ ਕਰ ਕੇ ਨਾਮਜ਼ਦਗੀ ਤਾਂ ਰੱਦ ਨਹੀਂ ਹੋ ਸਕਦੀ ਪਰ ਸ਼ਿਕਾਇਤ ਸਹੀ ਪਾਏ ਜਾਣ ’ਤੇ ਗ਼ਲਤ ਹਲਫ਼ਨਾਮਾ ਦੇਣ ਦਾ ਕੇਸ ਦਰਜ ਹੋ ਸਕਦਾ ਹੈ। ਨਾਭਾ ਦੇ ਐੱਸਡੀਐੱਮ ਕਨੂੰ ਗਰਗ ਨੇ ਕਿਹਾ ਕਿ ਨਾਮਜ਼ਦਗੀ ਦਾਖਲ ਹੋਣ ਪਿੱਛੋਂ ਪੜਤਾਲ ਦੇ ਦਿਨਾਂ ’ਚ ਕੋਈ ਹਲਫੀਆ ਬਿਆਨ ਸਾਹਮਣੇ ਨਾ ਆਉਣ ਕਾਰਨ ਨਾਮਜ਼ਦਗੀ ਰੱਦ ਨਹੀਂ ਹੋਈ।