ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 6 ਮਈ
ਸਹਿਕਾਰਤਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਤੁਰਕੀ ਵਿੱਚ ਸਾਲ 2020 ਦੌਰਾਨ ਬਣੀ ਪੁਰਾਣੀ ਵੀਡੀਓ ਰਾਹੀਂ ਵੇਰਕਾ ਦਾ ਅਕਸ ਖ਼ਰਾਬ ਕਰਨ ਦਾ ਸਖ਼ਤ ਨੋਟਿਸ ਲੈਂਦਿਆਂ ਅੱਜ ਪੰਜਾਬ ਮਿਲਕਫੈੱਡ ਵੱਲੋਂ ਸੂਚਨਾ ਤਕਨਾਲੋਜੀ ਐਕਟ, 2000 ਤਹਿਤ ਪੰਜਾਬ ਪੁਲੀਸ ਦੇ ਸਾਈਬਰ ਸੈੱਲ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਦੱਸਣਯੋਗ ਹੈ ਕਿ ਸੋਸ਼ਲ ਮੀਡੀਆ ’ਤੇ ਦੁੱਧ ਨਾਲ ਨਹਾਉਂਦੇ ਵਿਅਕਤੀ ਦੀ ਤੁਰਕੀ ਵਿੱਚ ਬਣੀ ਇੱਕ ਪੁਰਾਣੀ ਵੀਡੀਓ ਸਮਾਜ ਵਿਰੋਧੀ ਅਨਸਰਾਂ ਵੱਲੋਂ ਵੇਰਕਾ ਨਾਲ ਸਬੰਧਤ ਦੱਸ ਕੇ ਵਾਇਰਲ ਕੀਤੀ ਜਾ ਰਹੀ ਹੈ। ਸਹਿਕਾਰਤਾ ਮੰਤਰੀ ਨੇ ਇਸ ਵੀਡੀਓ ’ਤੇ ਵੇਰਕਾ ਦਾ ਨਾਮ ਲਿਖ ਕੇ ਸੋਸ਼ਲ ਮੀਡੀਆ ’ਤੇ ਪਾਉਣ ਵਾਲੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤ ਚਿਤਾਵਨੀ ਦਿੰਦਿਆਂ ਕਿਹਾ ਕਿ ਪੁਲੀਸ ਵੱਲੋਂ ਮੁਲਜ਼ਮਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।