ਅਜੈ ਮਲਹੋਤਰਾ
ਬਸੀ ਪਠਾਣਾਂ, 22 ਅਕਤੂਬਰ
ਸਈਕਲ ਦੀ ਘੰਟੀ ਚੋਰੀ ਹੋਣ ’ਤੇ ਅੱਜ ਬਸੀ ਪਠਾਣਾਂ ਦੇ ਮੁਹੱਲਾ ਪੁਰਾ ਦੇ 4 ਸਾਲਾ ਬੱਚੇ ਨੇ ਚੌਕੀ ਇੰਚਾਰਜ ਬਲਜਿੰਦਰ ਸਿੰਘ ਕੰਗ ਕੋਲ ਸ਼ਿਕਾਇਤ ਕੀਤੀ। ਚਾਰ ਸਾਲਾ ਬੱਚੇ ਧਰੁਵ ਵਰਮਾ ਨੇ ਬੀਤੀ ਸ਼ਾਮ ਆਪਣੀ ਛੋਟੀ ਸਾਈਕਲ ਘਰ ਦੇ ਬਾਹਰ ਖੜ੍ਹੀ ਕੀਤੀ ਸੀ, ਪਰ ਜਦੋਂ ਉਹ ਕੁਝ ਸਮੇਂ ਬਾਅਦ ਘਰੋਂ ਬਾਹਰ ਆਇਆ ਤਾਂ ਉਸ ਦੇ ਸਾਈਕਲ ਦੀ ਘੰਟੀ ਕਿਸੇ ਨੇ ਉਤਾਰ ਲਈ ਹੈ। ਇਸ ਮਗਰੋਂ ਉਸ ਦੇ ਮਾਤਾ-ਪਿਤਾ ਮਨੀਸ਼ਾ ਵਰਮਾ ਤੇ ਰਾਜਨ ਵਰਮਾ ਉਸ ਨੂੰ ਨਾਲ ਲੈ ਕੇ ਸਥਾਨਕ ਪੁਲੀਸ ਚੌਕੀ ਗਏ ਤੇ ਬੱਚੇ ਨੇ ਆਪਣੀ ਸਾਈਕਲ ਦੀ ਘੰਟੀ ਚੋਰੀ ਹੋਣ ਬਾਰੇ ਦੱਸਿਆ। ਇੰਚਾਰਜ ਕੰਗ ਨੇ ਬੱਚੇ ਨੂੰ ਘੰਟੀ ਲਿਆ ਕੇ ਦੇਣ ਦਾ ਭਰੋਸਾ ਦਿਵਾਇਆ। ਇੰਚਾਰਜ ਨੇ ਕਿਹਾ ਕਿ ਇੱਕ ਚਾਰ ਸਾਲਾ ਬੱਚੇ ਦੇ ਮੂੰਹ ਤੋਂ ਘੰਟੀ ਚੋਰੀ ਹੋਣ ਦੀ ਰਿਪੋਰਟ ਦਰਜ ਕਰਾਊਣ ਤੋਂ ਉਹ ਪ੍ਰਭਾਵਿਤ ਹੋਏ ਹਨ। ਉਨ੍ਹਾਂ ਇਸ ਦੌਰਾਨ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਜਿਸ ਤਰ੍ਹਾਂ ਅੱਜ ਬੱਚੇ ਜਾਗਰੂਕ ਹੋ ਰਹੇ ਹਨ, ਉਸ ਤੋਂ ਸਪੱਸ਼ਟ ਹੈ ਕਿ ਲੋਕ ਆਪਣੇ ਅਧਿਕਾਰਾਂ ਤੇ ਇਨਸਾਫ਼ ਪ੍ਰਤੀ ਜਾਗਰੂਕ ਹੋ ਰਹੇ ਹਨ।