ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 24 ਮਈ
ਗੁਰੂ ਤੇਗ਼ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮੌਕੇੇ ਸ਼੍ਰੋਮਣੀ ਕਮੇਟੀ ਵੱਲੋ ਗੁਰੂ ਸਾਹਿਬ ਦੇ ਜੀਵਨ ਨਾਲ ਸਬੰਧਤ ਧਾਰਮਿਕ ਫਿਲਮਾਂ ਬਣਾਉਣ ਸਬੰਧੀ ਕੀਤੇ ਐਲਾਨ ਖ਼ਿਲਾਫ਼ ਅੱਜ ਸਾਬਕਾ ਫੈਡਰੇਸ਼ਨ ਆਗੂ ਪ੍ਰੋ. ਸਰਚਾਂਦ ਸਿੰਘ ਨੇ ਅਕਾਲ ਤਖ਼ਤ ’ਤੇ ਇੱਕ ਸ਼ਿਕਾਇਤ ਪੱਤਰ ਦੇ ਕੇ ਇਹ ਯੋਜਨਾ ਰੋਕਣ ਦੀ ਮੰਗ ਕੀਤੀ ਹੈ। ਅਕਾਲ ਤਖ਼ਤ ਦੇ ਸਕੱਤਰੇਤ ਵਿੱਚ ਸਕੱਤਰ ਗੁਰਮੀਤ ਸਿੰਘ ਨੂੰ ਸੌਂਪੇ ਪੱਤਰ ’ਚ ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਫ਼ਿਲਮਾਂ ਬਣਾਉਣ ਸਬੰਧੀ ਕਮੇਟੀ ਵਿੱਚ ਦੋ ਤਖ਼ਤਾਂ ਦੇ ਜਥੇਦਾਰਾਂ ਨੂੰ ਸ਼ਾਮਲ ਕਰਨ ’ਤੇ ਵੀ ਸਵਾਲ ਉਠਾਇਆ ਹੈ। ਸ੍ਰੀ ਸਰਚਾਂਦ ਨੇ ਕਿਹਾ ਕਿ ਫਿਲਮਾਂ ਰਾਹੀਂ ਧਰਮ ਪ੍ਰਚਾਰ ਕਰਨਾ ਸਿੱਖ ਸਿਧਾਂਤਾਂ ਦੇ ਉਲਟ ਹੈ। ਇਸੇ ਕਾਰਨ ਹੀ ਸ਼੍ਰੋਮਣੀ ਕਮੇਟੀ ਦੀ ਧਾਰਮਿਕ ਸਲਾਹਕਾਰ ਕਮੇਟੀ ਨੇ 20 ਫਰਵਰੀ, 1934 ਨੂੰ ਇੱਕ ਮਤਾ ਪਾਸ ਅਜਿਹਾ ਕਰਨ ’ਤੇ ਰੋਕ ਲਾਈ ਹੋਈ ਹੈ।