ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 22 ਅਪਰੈਲ
ਉੱਘੇ ਵਿਦਵਾਨ, ਲੇਖਕ ਤੇ ਪੱਤਰਕਾਰ ਪ੍ਰੰਜਯ ਗੁਹਾ ਠਾਕੁਰਤਾ ਨੇ ਆਖਿਆ ਕਿ ਦੇਸ਼ ਵਿੱਚ ਵਧ ਰਿਹਾ ਫਿਰਕੂਵਾਦ ਤੇ ਪੂੰਜੀਵਾਦ ਭਾਰਤ ਦੇ ਅਨੇਕਤਾ ਵਾਲੇ ਸਰੂਪ ਲਈ ਭਵਿੱਖ ਵਿੱਚ ਖ਼ਤਰੇ ਦਾ ਸੂਚਕ ਹੈ। ਉਹ ਇਥੇ ਸਰਵ ਭਾਰਤੀ ਪ੍ਰਗਤੀਸ਼ੀਲ ਲੇਖਕ ਸੰਘ ਵੱਲੋਂ ‘ਜੱਲ੍ਹਿਆਂਵਾਲਾ ਬਾਗ: ਅਤੀਤ ਅਤੇ ਵਰਤਮਾਨ’ ਵਿਸ਼ੇ ’ਤੇ ਕਰਵਾਈ ਜਾ ਰਹੀ ਦੋ ਰੋਜ਼ਾ ਕਾਨਫਰੰਸ ਵਿੱਚ ਸ਼ਾਮਲ ਹੋਣ ਲਈ ਪੁੱਜੇ ਹਨ।
ਪੰਜਾਬੀ ਟ੍ਰਿਬਿਊਨ ਨਾਲ ਇਕ ਵਿਸ਼ੇਸ਼ ਮੁਲਾਕਾਤ ਦੌਰਾਨ ਪ੍ਰੰਜਯ ਨੇ ਕਿਹਾ ਕਿ ਹਿਟਲਰ ਦੇ ਵੇਲੇ ਪੂੰਜੀਵਾਦ ਅਤੇ ਫਿਰਕੂਵਾਦ ਦੋਵੇਂ ਇਕੱਠੇ ਵਧੇ ਸਨ ਅਤੇ ਹੁਣ ਮੋਦੀ ਸਰਕਾਰ ਵੇਲੇ ਵੀ ਇਹ ਮੁੜ ਦੋਵੇਂ ਇਕੱਠੇ ਵੱਧ ਰਹੇ ਹਨ। ਇਹ ਦੇਸ਼ ਦੇ ਅਨੇਕਤਾ ਵਾਲੇ ਸਰੂਪ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ ਚਾਹੁੰਦਾ ਹੈ ਅਤੇ ਭਾਜਪਾ ਸਰਕਾਰ ਇਸੇ ਨਕਸ਼ੇ ਕਦਮਾਂ ’ਤੇ ਚੱਲ ਰਹੀ ਹੈ। 80 ਫੀਸਦੀ ਹਿੰਦੂ ਆਬਾਦੀ ਵਾਲੇ ਦੇਸ਼ ਵਿੱਚ ਹਿੰਦੂਆਂ ਨੂੰ ਖ਼ਤਰਾ ਦੱਸ ਕੇ ਛੋਟੀ ਉਮਰ ਦੇ ਨੌਜਵਾਨਾਂ ਦੇ ਮਨਾਂ ਵਿੱਚ ਜ਼ਹਿਰ ਭਰਿਆ ਜਾ ਰਿਹਾ ਹੈ, ਜੋ ਭਵਿੱਖ ’ਚ ਵਿਸਫੋਟਕ ਸਾਬਤ ਹੋਵੇਗਾ। ਘੱਟ ਗਿਣਤੀਆਂ ਨੂੰ ਅਜਿਹਾ ਅਹਿਸਾਸ ਕਰਵਾਇਆ ਜਾ ਰਿਹਾ ਹੈ ਕਿ ਜਿਵੇਂ ਉਨ੍ਹਾਂ ਨੂੰ ਦੇਸ਼ ਵਿੱਚ ਦੂਜੇ ਦਰਜੇ ਦੇ ਨਾਗਰਿਕ ਬਣ ਕੇ ਰਹਿਣਾ ਪਵੇਗਾ। ਉਨ੍ਹਾਂ ਕਿਹਾ ਕਿ ਪਿਛਲੇ ਸੱਤ ਅੱਠ ਸਾਲਾਂ ਤੋਂ ਅਜਿਹੇ ਵਰਤਾਰੇ ਵਿੱਚ ਤੇਜ਼ੀ ਆਈ ਹੈ, ਜਿਸ ਨਾਲ ਦੇਸ਼ ਮੁੜ 70-80 ਸਾਲ ਪਿਛਾਂਹ ਚਲਾ ਗਿਆ ਹੈ। ਦੇਸ਼ ਵੰਡ ਤੋਂ ਪਹਿਲਾਂ ਅੰਗਰੇਜ਼ਾਂ ਦੇ ਸਮੇਂ ਵੀ ਅਜਿਹਾ ਵਰਤਾਰਾ ਸੀ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਪੜ੍ਹਿਆ-ਲਿਖਿਆ ਵਰਗ ਵੀ ਇਸ ਵਰਤਾਰੇ ਖ਼ਿਲਾਫ਼ ਚੁੱਪ ਹੈ।
ਪ੍ਰੰਜਯ ਨੇ ਕਿਹਾ ਕਿ ਦੇਸ਼ ਪੂੰਜੀਵਾਦ ਵੱਲ ਵਧ ਰਿਹਾ ਹੈ, ਜਿਸ ਨਾਲ ਅਮੀਰ ਤੇ ਗਰੀਬ ਵਿਚ ਪਾੜਾ ਨਿਰੰਤਰ ਵੱਧ ਰਿਹਾ ਹੈ।
ਇਸ ਸਬੰਧੀ ਇਕ ਮਿਸਾਲ ਦਿੰਦਿਆਂ ਉਨ੍ਹਾਂ ਕਿਹਾ ਕਿ ਕਾਰਪੋਰੇਟ ਘਰਾਣੇ ਦੇ ਇਕ ਐਗਜ਼ੈਕਟਿਵ ਅਧਿਕਾਰੀ ਦੀ ਜਿੰਨੀ ਤਨਖਾਹ ਹੈ, ਉਸ ਦੇ ਘਰ ਕੰਮ ਕਰਦੇ ਇਕ ਸਫ਼ਾਈ ਕਰਮਚਾਰੀ ਨੂੰ ਉਸ ਪੱਧਰ ਤੱਕ ਪੁੱਜਣ ਲਈ ਕਈ ਸਦੀਆਂ ਲੱਗਣਗੀਆਂ। ਉਨ੍ਹਾਂ ਇਕ ਪ੍ਰਮੁੱਖ ਕਾਰਪੋਰੇਟ ਘਰਾਣੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਸ ਦੀ ਸੰਪਤੀ ਦੀ ਕੀਮਤ ਪ੍ਰਤੀ ਘੰਟਾ 90 ਕਰੋੜ ਵਧ ਰਹੀ ਹੈ। ਇਕ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਨੋਟਬੰਦੀ, ਜੀਐੱਸਟੀ, ਕਰੋਨਾ ਆਦਿ ਦੇ ਸਮੇਂ ਵਿੱਚ ਵੀ ਇਨ੍ਹਾਂ ਵੱਡੇ ਘਰਾਣਿਆਂ ਨੂੰ ਲਾਭ ਪੁੱਜਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਅਜਿਹੀਆਂ ਨਵੀਆਂ ਨੀਤੀਆਂ ਨੂੰ ਲਾਗੂ ਕਰਨ ਸਮੇਂ ਜੋ ਵਾਅਦੇ ਕੀਤੇ ਗਏ ਸਨ, ਉਹ ਵੀ ਝੂਠੇ ਸਾਬਤ ਹੋਏ ਹਨ। ਨੋਟਬੰਦੀ ਤੋਂ ਬਾਅਦ ਨਾ ਤਾਂ ਜਾਅਲੀ ਕਰੰਸੀ ਦਾ ਰੁਝਾਨ ਰੁਕਿਆ ਅਤੇ ਨਾ ਹੀ ਅਤਿਵਾਦ ਨੂੰ ਫੰਡਿੰਗ ਬੰਦ ਹੋਈ ਹੈ। ਇਸੇ ਤਰ੍ਹਾਂ ਕਿਸਾਨਾਂ ਨੂੰ ਪੰਜ ਸਾਲਾਂ ਵਿੱਚ ਆਮਦਨ ਦੁੱਗਣੀ ਕਰਨ ਦਾ ਕੀਤਾ ਵਾਅਦਾ ਵੀ ਗ਼ਲਤ ਸਾਬਤ ਹੋਇਆ।
ਉਨ੍ਹਾਂ ਦੱਸਿਆ ਕਿ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਮਰਹੂਮ ਜਵਾਹਰ ਲਾਲ ਨਹਿਰੂ ਦਾ ਸੁਫਨਾ ਸੀ ਕਿ ਪੂੰਜੀਵਾਦ ਅਤੇ ਸਮਾਜਵਾਦ ਦੇ ਚੰਗੇ ਪੱਖ ਅਪਣਾ ਲਏ ਜਾਣ ਅਤੇ ਭਾਰਤ ਵਿੱਚ ਇਕ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾਵੇ ਪਰ ਹੋਇਆ ਇਸ ਤੋਂ ਉਲਟ ਹੈ। ਸਮੇਂ ਦੀਆਂ ਸਰਕਾਰਾਂ ਤੇ ਹੋਰਨਾਂ ਨੇ ਇਨ੍ਹਾਂ ਦੇ ਮਾੜੇ ਪੱਖ ਅਪਣਾਏ ਹਨ। ਦੇਸ਼ ਵਿੱਚ ਜਨਤਕ ਖੇਤਰਾਂ ਨੂੰ ਰਾਜਸੀ ਅਤੇ ਅਫ਼ਸਰਸ਼ਾਹੀ ਨੇ ਆਪਣੀ ਨਿੱਜੀ ਸੰਪਤੀ ਵਜੋਂ ਵਰਤਿਆ ਹੈ। ਨਿੱਜੀ ਘਰਾਣਿਆਂ ਨੇ ਦੇਸ਼ ਦੇ ਵਿੱਤੀ ਸਰੋਤਾਂ ਤੋਂ ਲਾਹਾ ਲੈ ਕੇ ਨਿੱਜੀ ਵਿਕਾਸ ਕੀਤਾ ਹੈ। ਦੇਸ਼ ਦੇ ਕੁਦਰਤੀ ਸਰੋਤਾਂ ਦਾ ਸੋਸ਼ਣ ਕੀਤਾ ਗਿਆ ਹੈ।
‘ਸਮਾਂ ਹੀ ਦੱਸੇਗਾ ‘ਆਪ’ ਸਰਕਾਰ ਦੀ ਕਾਰਗੁਜ਼ਾਰੀ’
ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਸਥਾਪਤ ਹੋਈ ਸਰਕਾਰ ਬਾਰੇ ਪ੍ਰੰਜਯ ਗੁਹਾ ਠਾਕੁਰਤਾ ਨੇ ਕਿਹਾ ਕਿ ਦਿੱਲੀ ਅਤੇ ਪੰਜਾਬ ਦੋਵਾਂ ਸੂਬਿਆਂ ਦੀਆਂ ਪ੍ਰਸਥਿਤੀਆਂ ਵੱਖੋ-ਵੱਖਰੀਆਂ ਹਨ। ਪੰਜਾਬ ਵਿੱਚ ਵੱਖ ਵੱਖ ਤਰ੍ਹਾਂ ਦੀਆਂ ਸਮੱਸਿਆਵਾਂ ਹਨ, ਜੋ ਦਿੱਲੀ ਦੇ ਰਾਜ ਪ੍ਰਬੰਧ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ‘ਆਪ’ ਦੀ ਸਰਕਾਰ ਪੰਜਾਬ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਕਿੰਨਾ ਕੁ ਸਫ਼ਲ ਹੁੰਦੀ ਹੈ। ਜੱਲ੍ਹਿਆਂਵਾਲਾ ਬਾਗ ਦੇ ਮੂਲ ਸਰੂਪ ਵਿਚ ਕੀਤੇ ਗਏ ਵਿਗਾੜ ਬਾਰੇ ਉਨ੍ਹਾਂ ਕਿਹਾ ਕਿ ਇਹ ਠੀਕ ਨਹੀਂ ਹੋਇਆ। ਪ੍ਰਵੇਸ਼ ਦੁਆਰ ਸਮੇਤ ਹੋਰ ਮੂਲ ਸਰੂਪ ਨੂੰ ਪਹਿਲਾਂ ਵਾਂਗ ਹੀ ਬਹਾਲ ਰੱਖਣਾ ਚਾਹੀਦਾ ਹੈ।