ਪੱਤਰ ਪ੍ਰੇਰਕ
ਚੰਡੀਗੜ੍ਹ, 23 ਜੁਲਾਈ
ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਬਦਲੀਆਂ ਦੀ ਅੰਤਿਮ ਤਾਰੀਕ ਖ਼ਤਮ ਹੋਣ ਤੋਂ ਬਾਅਦ ਵੀ ਪਿਛਲੀ ਤਰੀਕ ਵਿੱਚ ਕੱਢੇ ਹੁਕਮਾਂ ਵਿੱਚ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਨੂੰ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਵਿੱਚ ਡਾਇਰੈਕਟਰ ਪ੍ਰੋਕਿਊਰਮੈਂਟ ਦੇ ਅਹੁਦੇ ’ਤੇ ਤਾਇਨਾਤ ਕਰਨ ਨਾਲ ਪੀਸੀਐੱਮਐੱਸ-ਜਨਰਲ ਕੇਡਰ ਵਿੱਚ ਹਲਚਲ ਸ਼ੁਰੂ ਹੋ ਗਈ ਹੈ। ਇਸ ਕੇਡਰ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿਸ ਮਹਿਲਾ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਨੂੰ ਇਸ ਅਹੁਦੇ ’ਤੇ ਤਾਇਨਾਤ ਕੀਤਾ ਗਿਆ ਹੈ, ਉਨ੍ਹਾਂ ਦਾ ਹਾਲੇ ਪ੍ਰੋਬੇਸ਼ਨ ਪੀਰੀਅਡ ਵੀ ਪੂਰਾ ਨਹੀਂ ਹੋਇਆ।
ਸਪੈਸ਼ਲਿਸਟ ਡਾਕਟਰਜ਼ ਐਸੋਸੀਏਸ਼ਨ ਦੇ ਸੀਨੀਅਰ ਸਲਾਹਕਾਰ ਡਾ. ਜਗਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਡਾ. ਗੁਰਪ੍ਰੀਤ ਸਿੰਘ, ਪੀਸੀਐਮਐਸ (ਜਨਰਲ) ਦੇ ਪ੍ਰਧਾਨ ਡਾ. ਸਰੀਨ, ਵਾਈਸ ਪ੍ਰਧਾਨ ਡਾ. ਚੰਦਰ ਸ਼ੇਖਰ ਤੇ ਮੈਂਬਰ ਡਾ. ਚਰਨ ਕਮਲ ਆਦਿ ਨੇ ਕਿਹਾ ਕਿ ਨਿਯਮਾਂ ਮੁਤਾਬਕ ਡਾਇਰੈਕਟਰ ਪ੍ਰੋਕਿਊਰਮੈਂਟ ਦੇ ਅਹੁਦੇ ’ਤੇ ਪੰਜਾਬ ਸਿਵਲ ਮੈਡੀਕਲ ਸਰਵਿਸਿਜ਼ (ਜਨਰਲ) ਨੂੰ ਤਾਇਨਾਤ ਕੀਤਾ ਜਾਣਾ ਬਣਦਾ ਸੀ। ਇਸ ਅਹੁਦੇ ਉੱਤੇ ਸਿਰਫ਼ ਉਸੇ ਅਧਿਕਾਰੀ ਨੂੰ ਲਗਾਇਆ ਜਾ ਸਕਦਾ ਹੈ ਜਿਸ ਨੂੰ ਡਾਕਟਰੀ ਪੇਸ਼ੇ ਦੇ ਸਾਰੇ ਸਾਜ਼ੋ-ਸਾਮਾਨ ਦੀ ਖ਼ਰੀਦੋ ਫ਼ਰੋਖ਼ਤ ਕਰਨ ਬਾਰੇ ਪੂਰੀ ਜਾਣਕਾਰੀ ਹੋਵੇ। ਜਿਹੜੇ ਜ਼ਿਲ੍ਹਾ ਡੈਂਟਲ ਸਿਹਤ ਅਫ਼ਸਰ ਨੂੰ ਹੁਣ ਤਾਜ਼ਾ ਹੁਕਮਾਂ ਨਾਲ ਡਾਇਰੈਕਟਰ ਪ੍ਰੋਕਿਊਰਮੈਂਟ ਲਗਾਇਆ ਗਿਆ ਹੈ, ਉਨ੍ਹਾਂ ਦਾ ਤਾਂ ਹਾਲੇ ਬਤੌਰ ਸਹਾਇਕ ਡਾਇਰੈਕਟਰ ਵੀ ਪ੍ਰੋਬੇਸ਼ਨ ਪੀਰੀਅਡ ਪੂਰਾ ਨਹੀਂ ਸੀ ਹੋਇਆ। ਉਨ੍ਹਾਂ ਕਿਹਾ ਕਿ ਐਸੋਸੀਏਸ਼ਨਾਂ ਵੱਲੋਂ ਇਸ ਤਾਇਨਾਤੀ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ।