ਚਰਨਜੀਤ ਭੁੱਲਰ
ਚੰਡੀਗੜ੍ਹ, 4 ਮਾਰਚ
ਬਜਟ ਇਜਲਾਸ ਦੇ ਚੌਥੇ ਦਿਨ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ’ਤੇ ਚਿੰਤਾ ਜ਼ਾਹਿਰ ਕਰਦਿਆਂ ਵਿਧਾਨ ਸਭਾ ਵਿੱਚ ਸਰਬਸੰਮਤੀ ਨਾਲ ਮਤਾ ਪਾਸ ਕੀਤਾ ਗਿਆ ਅਤੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਗਈ ਕਿ ਉਹ ਇਸ ਮਾਮਲੇ ’ਚ ਫੌਰੀ ਕਦਮ ਚੁੱਕੇ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਨੇ ਹਾਊਸ ਦੀ ਉੱਚ ਪੱਧਰੀ ਕਮੇਟੀ ਬਣਾਉਣ ਦਾ ਐਲਾਨ ਕਰਦਿਆਂ ਆਖਿਆ ਕਿ ਇਹ ਕਮੇਟੀ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਸਟੇਟਸ ਰਿਪੋਰਟ ਅਤੇ ਪਾਣੀ ਰੀਚਾਰਜ ਕਰਨ ਦੇ ਤਰੀਕਿਆਂ ਅਤੇ ਸਾਧਨਾਂ ਸਬੰਧੀ ਤਜਵੀਜ਼ ਪੇਸ਼ ਕਰੇਗੀ। ਸਪੀਕਰ ਨੇ ਪੰਜਾਬ ਸਰਕਾਰ ਨੂੰ ਕਮੇਟੀ ਦੀ ਸਹਾਇਤਾ ਲਈ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਨਿਯੁਕਤ ਕਰਨ ਦੀ ਹਦਾਇਤ ਕੀਤੀ। ਇਹ ਕਮੇਟੀ ਤਿੰਨ ਮਹੀਨੇ ਦੇ ਅੰਦਰ ਆਪਣੀ ਰਿਪੋਰਟ ਪੇਸ਼ ਕਰੇਗੀ।
ਇਸ ਤੋਂ ਪਹਿਲਾਂ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਪਾਣੀ ਦੇ ਡਿੱਗਦੇ ਪੱਧਰ ਬਾਰੇ ਬਹਿਸ ਹਿੱਸਾ ਲੈਂਦਿਆਂ ਇਸ ਮਾਮਲੇ ਦੀ ਜਾਂਚ ਲਈ ਇੱਕ ਕਮੇਟੀ ਬਣਾਉਣ ਦਾ ਸੁਝਾਅ ਦਿੱਤਾ ਸੀ ਜਿਸ ’ਤੇ ਸਹਿਮਤੀ ਪ੍ਰਗਟ ਕਰਦਿਆਂ ਸਪੀਕਰ ਨੇ ਤੁਰੰਤ ਕਮੇਟੀ ਦੇ ਗਠਨ ਦਾ ਐਲਾਨ ਕਰ ਦਿੱਤਾ।
ਕਾਂਗਰਸੀ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਸਦਨ ’ਚ ਇਸ ਬਾਬਤ ਮਤਾ ਪੇਸ਼ ਕਰਦਿਆਂ ਆਖਿਆ ਕਿ ਖੇਤੀ ਵਿਭਿੰਨਤਾ ਜ਼ਰੀਏ ਧਰਤੀ ਹੇਠਲਾ ਪਾਣੀ ਦੇ ਪੱਧਰ ਦੇ ਪੱਧਰ ਨੂੰ ਠੁੰਮਣਾ ਦਿੱਤਾ ਜਾ ਸਕਦਾ ਹੈ, ਜਿਸ ਲਈ ਕੇਂਦਰ ਦੇ ਮੂੰਹ ਵੱਲ ਵੇਖਣ ਦੀ ਥਾਂ ਪੰਜਾਬ ਸਰਕਾਰ ਨੂੰ ਵੀ ਪ੍ਰਬੰਧ ਕਰਨੇ ਚਾਹੀਦੇ ਹਨ। ਉਨ੍ਹਾਂ ਸਰਬ ਪਾਰਟੀ ਕਮੇਟੀ ਬਣਾਉਣ ਦਾ ਸੁਝਾਅ ਵੀ ਦਿੱਤਾ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਸਦਨ ’ਚ ਸੁਝਾਅ ਦਿੱਤਾ ਕਿ ਪੰਜਾਬ ਸਰਕਾਰ ਜਨਤਿਕ ਵੰਡ ਪ੍ਰਣਾਲੀ ਵਿਚ ਮੱਕੀ ਨੂੰ ਸ਼ਾਮਲ ਕਰਕੇ ਧਰਤੀ ਹੇਠਲੇ ਪਾਣੀ ਬਚਾ ਸਕਦੀ ਹੈ ਅਤੇ ਬਿਜਲੀ ਸਬਸਿਡੀ ਦੇ ਭਾਰ ’ਚ ਵੀ ਕਮੀ ਕਰ ਸਕਦੀ ਹੈ। ਉਨ੍ਹਾਂ ਕਿਹਾ ਕਿ ਘੱਗਰ ਦੇ ਪਾਣੀ ਨੂੰ ਸੋਧ ਕੇ ਖੇਤੀ ਲਈ ਵਰਤਿਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਅਟੱਲ ਭੋਂਇ ਜਲ ਯੋਜਨਾ ਲਈ ਪੰਜਾਬ ਆਪਣਾ ਕੇਸ ਨਹੀਂ ਭੇਜ ਸਕਿਆ ਅਤੇ ਅੱਜ ਵੀ ਬਹੁਤਾ ਪਾਣੀ ਪਾਕਿਸਤਾਨ ’ਚ ਅਜਾਈ ਚਲਿਆ ਜਾਂਦਾ ਹੈ। ਚੰਦੂਮਾਜਰਾ ਨੇ ਕਿਹਾ ਕਿ ਦੇਸ਼ ਦੀ ਲੋੜ ਪੂਰੀ ਕਰਨ ਲਈ ਪੰਜਾਬ ਦਾ ਕਿਸਾਨ ਰਵਾਇਤੀ ਫ਼ਸਲ ਮੱਕੀ ਨੂੰ ਛੱਡ ਕੇ ਕਣਕ-ਝੋਨੇ ਦੇ ਗੇੜ ਵਿਚ ਪਿਆ ਸੀ। ਵਿਧਾਇਕ ਕੰਵਰ ਸੰਧੂ ਨੇ ਕਿਹਾ ਕਿ ਕੇਂਦਰ ਦੇ ਮੂੰਹ ਵੱਲ ਵੇਖਣ ਦੀ ਥਾਂ ਪੰਜਾਬ ਸਰਕਾਰ ਨੂੰ ਖੇਤੀ ਵਿਭਿੰਨਤਾ ਲਈ ਉਪਰਾਲੇ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ਪਾਲਸੀ ਅੱਜ ਤੱਕ ਸਦਨ ਵਿਚ ਨਹੀਂ ਰੱਖੀ ਗਈ ਅਤੇ ਪਾਣੀ ਦੀ ਸੰਭਾਲ ਲਈ ਬਕਾਇਦਾ ਬਜਟ ਰੱਖਿਆ ਜਾਣਾ ਚਾਹੀਦਾ ਹੈ।
ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਧਰਤੀ ਹੇਠਲਾ ਪਾਣੀ ਦੀ ਸਥਿਤੀ ’ਤੇ ਫਿਕਰ ਕਰਦਿਆਂ ਕਿਹਾ ਕਿ ਜੇਕਰ ਆਪਾਂ ਸੰਜੀਦਾ ਨਾ ਹੋਏ ਤਾਂ ਸਾਡੇ ਬੱਚਿਆਂ ਲਈ ਪਾਣੀ ਨਹੀਂ ਬਚਣਾ। ਝੋਨੇ ਲਾਉਣ ਦੇ ਢੰਗ ਤਰੀਕੇ ਬਦਲਣੇ ਪੈਣਗੇ ਅਤੇ ਪਾਣੀ ਦੀ ਵਰਤੋਂ ਬਾਰੇ ਸਰਕਾਰ ਤਾਜ਼ਾ ਰਿਪੋਰਟ ਲਵੇ। ਅਮਨ ਅਰੋੜਾ ਨੇ ਕਿਹਾ ਕਿ ਕੇਰਲਾ ਦੀ ਤਰਜ਼ ’ਤੇ ਫਲ ਸਬਜ਼ੀਆਂ ਦੀ ਸਰਕਾਰੀ ਖਰੀਦ ਪੰਜਾਬ ਸਰਕਾਰ ਨੂੰ ਕਰਨੀ ਚਾਹੀਦੀ ਹੈ ਅਤੇ ਖੇਤੀ ਨੂੰ ਲਾਹੇਵੰਦ ਬਣਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ। ਵਜ਼ੀਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਹਰਪਾਲ ਸਿੰਘ ਚੀਮਾ, ਗੁਰਪ੍ਰਤਾਪ ਸਿੰਘ ਵਡਾਲਾ, ਜਗਤਾਰ ਸਿੰਘ ਜੱਗਾ, ਕੁਲਵੰਤ ਸਿੰਘ ਪੰਡੋਰੀ ਨੇ ਵੀ ਵਿਚਾਰ ਰੱਖੇ।
ਬੈਲ ਗੱਡਿਆਂ ’ਤੇ ਪੁੱਜੇ ਅਕਾਲੀ ਵਿਧਾਇਕ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਅੱਜ ਪੈਟਰੋਲ ਅਤੇ ਡੀਜ਼ਲ ’ਤੇ ਵੈਟ ਘਟਾਉਣ ਦੀ ਮੰਗ ਨੂੰ ਲੈ ਕੇ ਵਿਧਾਨ ਸਭਾ ਤੱਕ ਬੈਲ ਗੱਡਿਆਂ ’ਤੇ ਸਵਾਰੀ ਕੀਤੀ। ਅਕਾਲੀ ਵਿਧਾਇਕ ਸ਼ਰਨਜੀਤ ਢਿੱਲੋਂ ਅਤੇ ਬਿਕਰਮ ਮਜੀਠੀਆ ਸਮੇਤ ਸਭ ਬੈਲ ਗੱਡਿਆਂ ’ਤੇ ਸਵਾਰ ਹੋ ਕੇ ਵਿਧਾਨ ਸਭਾ ਪੁੱਜੇ। ਇਨ੍ਹਾਂ ਮੰਗ ਕੀਤੀ ਕਿ ਪੰਜਾਬ ਸਰਕਾਰ ਪੈਟਰੋਲੀਅਮ ਪਦਾਰਥਾਂ ’ਤੇ ਵੈਟ ਘਟਾ ਕੇ ਰਾਹਤ ਦੇਵੇ। ਸਿਫ਼ਰ ਕਾਲ ਖ਼ਤਮ ਹੋਣ ’ਤੇ ਇਸ ਮੰਗ ਨੂੰ ਲੈ ਕੇ ਸਪੀਕਰ ਦੇ ਆਸਣ ਅੱਗੇ ਵਿਧਾਇਕਾਂ ਨੇ ਨਾਅਰੇਬਾਜ਼ੀ ਕੀਤੀ ਅਤੇ ਮਗਰੋਂ ਸਦਨ ’ਚੋਂ ਵਾਕਆਊਟ ਕੀਤਾ। ਸਦਨ ਦੇ ਬਾਹਰ ਮਜੀਠੀਆ ਨੇ ਕਿਹਾ ਕਿ ਸੁਨੀਲ ਜਾਖੜ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਅਤੇ ਅਮਰਿੰਦਰ ਸਰਕਾਰ ਕੇਂਦਰ ਸਰਕਾਰ ਨਾਲ ਮਿਲ ਕੇ ਖੇਡ ਰਹੀ ਹੈ।
ਬਜਟ ਚੁਸਕੀਆਂ !
• ਚੰਡੀਗੜ੍ਹ: ਸਦਨ ’ਚ ਜਦੋਂ ਧਰਤੀ ਹੇਠਲੇ ਪਾਣੀਆਂ ’ਤੇ ਗੰਭੀਰ ਚਰਚਾ ਸਿਖ਼ਰ ’ਤੇ ਸੀ ਤਾਂ ਉਦੋਂ ਹਾਕਮ ਧਿਰ ਦੇ 77 ਮੈਂਬਰਾਂ ’ਚੋਂ ਸਮੇਤ ਵਜ਼ੀਰ ਸਿਰਫ 18 ਵਿਧਾਇਕ ਹੀ ਹਾਜ਼ਰ ਸਨ। ਇਸ ਮੌਕੇ ਮੁੱਖ ਮੰਤਰੀ ਅਮਰਿੰਦਰ ਸਿੰਘ ਅਤੇ ਬਿਕਰਮ ਸਿੰਘ ਮਜੀਠੀਆ ਹਾਜ਼ਰ ਨਹੀਂ ਸਨ।
• ‘ਆਪ’ ਵਿਧਾਇਕ ਕੁਲਤਾਰ ਸੰਧਵਾਂ ਅੱਜ ਵੀ ਸਦਨ ਵਿੱਚ ਹੱਥ ਜੋੜ ਜੋੜ ਗੱਲਾਂ ਕਰਦੇ ਰਹੇ। ਇੱਕ ਪੜਤਾਲ ਕਰਾਏ ਜਾਣ ਦੇ ਮੁੱਦੇ ’ਤੇ ਆਖ ਰਹੇ ਸਨ, ਸਪੀਕਰ ਸਾਹਬ ! ਥੋਡਾ ਦਿੱਲ ਵੱਡਾ ਹੈ।
• ਮੀਤ ਹੇਅਰ ਨੇ ਵਿਭਾਗਾਂ ਵਿੱਚ ਆਪਸੀ ਤਾਲਮੇਲ ਦੀ ਕਮੀ ਦੀ ਗੱਲ ਕਰਦੇ ਹੋਏ ਆਖਿਆ ਕਿ ‘ਸਰਕਾਰ ਦੇ ਇੱਕ ਹੱਥ ਨੁੂੰ ਪਤਾ ਨਹੀਂ ਹੁੰਦਾ, ਦੂਜਾ ਕੀ ਕਰ ਰਿਹਾ ਹੈ।’
• ਸਪੀਕਰ ਨੂੰ ਅੱਜ ਸੁਖਪਾਲ ਖਹਿਰਾ ਨੂੰ ਵਾਰ ਵਾਰ ਟੋਕਣਾ ਪਿਆ। ਇੱਕ ਵਾਰ ਕਿਹਾ… ਖਹਿਰਾ ਸਾਹਬ ਜ਼ਿੱਦ ਨਾ ਕਰੋ, ਦੋ ਵਾਰ ਪਹਿਲਾਂ ਬੋਲ ਪਏ। ਫਿਰ ਇੱਕ ਦਫਾ ਟੋਕਿਆ। ਤੁਸੀਂ ਸੀਨੀਅਰ ਹੋ ਖਹਿਰਾ ਜੀ, ਦਸਤੂਰ ਨਾ ਤੋੜੋ।
• ਰਾਣਾ ਗੁਰਜੀਤ ਸਿੰਘ ਨੇ ਅੱਜ ਸਦਨ ’ਚ ਮੰਤਰੀ ਸੁਖਜਿੰਦਰ ਰੰਧਾਵਾ ਨੂੰ ਮੁਖਾਤਬਿ ਹੋ ਕੇ ਕਿਹਾ ਕਿ, ‘ਕਿਤੇ ਸਾਡੇ ਕੋਲ ਆਇਓ, ਦੱਸਾਂਗੇ ਕਿਵੇਂ ਖੇਤੀ ਕਰੀਦੀ ਹੈ।’
• ਧਰਤੀ ਹੇਠਲੇ ਪਾਣੀ ’ਤੇ ਬਹਿਸ ਮੌਕੇ ਵਿਧਾਇਕ ਚੰਦੂਮਾਜਰਾ ਨੇ ਕਿਹਾ ਕਿ ਕੇਂਦਰੀ ਅਟੱਲ ਯੋਜਨਾ ਮੌਕੇ ਪੰਜਾਬ ਸਰਕਾਰ ਨੇ ਕੇਸ ਨਹੀਂ ਭੇਜਿਆ ਤਾਂ ਕੁਲਤਾਰ ਸੰਧਵਾਂ ਉਠ ਕੇ ਬੋਲੇ, ‘ਭੈਣ ਜੀ ਵੀ ਉਦੋਂ ਉਥੇ ਹੀ ਬੈਠੇ ਸੀ, ਉਨ੍ਹਾਂ ਨੇ ਮਸਲਾ ਕਿਉਂ ਨਹੀਂ ਚੁੱਕਿਆ।’
• ‘ਆਪ’ ਵਿਧਾਇਕ ਜਗਤਾਰ ਸਿੰਘ ਭਖੇ ਭਾਸ਼ਨ ’ਚ ਆਖ ਗਏ ਕਿ ‘ਘਪਲੇਬਾਜ਼ੀ ਕਾਂਗਰਸੀ ਤੇ ਅਕਾਲੀ ਕਰਦੇ ਨੇ, ਸਾਡੀ ਵਾਰੀ ਆਈ ਨਹੀਂ।’
• ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਸਦਨ ਵਿਚ ਆਪਣੀ ਸੀਟ ’ਤੇ ਵਿਧਾਇਕ ਦਵਿੰਦਰ ਘੁਬਾਇਆ ਨੂੰ ਬਿਠਾਇਆ ਹੋਇਆ ਸੀ। ਘੁਬਾਇਆ ਗਹੁ ਨਾਲ ਸੁਣ ਰਹੇ ਸਨ, ਮਾਮਲਾ ਪਤਾ ਨਹੀਂ ਕੀ ਸੀ।