ਸੰਜੀਵ ਬੱਬੀ
ਚਮਕੌਰ ਸਾਹਿਬ, 26 ਦਸੰਬਰ
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਰਿਵਾਰ ਸਣੇ ਗੁਰਦੁਆਰਾ ਕਤਲਗੜ੍ਹ ਸਾਹਿਬ ਵਿਖੇ ਨਤਮਸਤਕ ਹੋਏ। ਇਸ ਉਨ੍ਹਾਂ ਕਿਹਾ ਕਿ ਸ਼ਹੀਦਾਂ ਦੀ ਧਰਤੀ ਚਮਕੌਰ ਸਾਹਿਬ ਨੂੰ ਸੰਸਾਰ ਦੇ ਨਕਸ਼ੇ ’ਤੇ ਲਿਆਉਣ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ। ਉਨ੍ਹਾਂ ਚਮਕੌਰ ਸਾਹਿਬ ਨੂੰ ਵਿਸ਼ਵ ਪੱਧਰੀ ਧਾਰਮਿਕ ਸੈਰ ਸਪਾਟੇ ਦਾ ਕੇਂਦਰ ਬਣਾਉਣ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚਮਕੌਰ ਸਾਹਿਬ ਅੰਦਰ ਜਲਦੀ ਹੀ 35 ਕਰੋੜ ਰੁਪਏ ਦੀ ਲਾਗਤ ਨਾਲ ਸਰਬਪੱਖੀ ਵਿਕਾਸ ਕਾਰਜ ਆਰੰਭ ਕਰ ਦਿੱਤੇ ਜਾਣਗੇ। ਉਨ੍ਹਾਂ ਦੱਸਿਆ ਕਿ ਬਜ਼ੁਰਗ ਅਤੇ ਅਪਾਹਜ ਸ਼ਰਧਾਲੂਆਂ ਦੀ ਸਹੂਲਤ ਲਈ ਬੈਟਰੀ ਵਾਲੀਆਂ ਕਾਰਾਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਸੈਰ ਸਪਾਟਾ ਵਿਭਾਗ ਦੇ ਐਕਸੀਅਨ ਬੀਐਸ ਚਾਨਾ ਅਤੇ ਐਸਡੀਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਦਾਸਤਾਨ-ਏ-ਸ਼ਹਾਦਤ (ਥੀਮ ਪਾਰਕ) ਦੇ ਦਰਸ਼ਨਾਂ ਲਈ ਸ਼ਹੀਦੀ ਸਮਾਗਮ ਤੋਂ ਲੈ ਕੇ ਹੁਣ ਤੱਕ ਲੱਖਾਂ ਸ਼ਰਧਾਲੂ ਪਹੁੰਚ ਰਹੇ ਹਨ। ਉਨ੍ਹਾਂ ਦੱਸਿਆ ਕਿ ਦਾਸਤਾਨ-ਏ-ਸ਼ਹਾਦਤ ਤੋਂ ਹੈਰੀਟੇਜ਼ ਗੈਸਟ ਹਾਊਸ ਤੱਕ ਸੈਰ ਕਰਨ ਲਈ ਵਾਕਵੇਅ ਉਸਾਰੀ ਜਲਦੀ ਸ਼ੁਰੂ ਕੀਤੀ ਜਵੇਗੀ।