ਸ਼ਗਨ ਕਟਾਰੀਆ
ਜੈਤੋ, 23 ਮਈ
ਕੁਦਰਤੀ ਖੇਤੀ ਅਤੇ ਵਾਤਾਵਰਨ ਲਈ ਕਾਰਜਸ਼ੀਲ ‘ਖੇਤੀ ਵਿਰਾਸਤ ਮਿਸ਼ਨ ਜੈਤੋ’ ਪਿਛਲੇ ਕੁਝ ਅਰਸੇ ਤੋਂ ਲੋਕਾਂ ਨੂੰ ਮੂਲ ਅਨਾਜਾਂ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰ ਰਿਹਾ ਹੈ। ਇਸੇ ਮੁਹਿੰਮ ਤਹਿਤ ਵਿਰਾਸਤ ਮਿਸ਼ਨ ਨੇ ‘ਵਿਸ਼ਵ ਜੈਵਿਕ ਵਿਭਿੰਨਤਾ ਦਿਵਸ’ ਮੌਕੇ ਇੱਥੇ ਇੱਕ ਸਮਾਗਮ ਕਰਵਾਇਆ, ਜਿਸ ਵਿੱਚ ‘ਮਿਸ਼ਨ ਨੀਵ’ ਦੀ ਸ਼ੁਰੂਆਤ ਕੀਤੀ ਗਈ। ਇਸ ਮਿਸ਼ਨ ਦਾ ਉਦਘਾਟਨ ਡਿਪਟੀ ਕਮਿਸ਼ਨਰ ਫ਼ਰੀਦਕੋਟ ਡਾ. ਰੂਹੀ ਦੁੱਗ ਵੱਲੋਂ ਕੀਤਾ ਗਿਆ। ਡਾ. ਰੂਹੀ ਦੁੱਗ ਨੇ ਲੋਕਾਂ ਨੂੰ ਮੂਲ ਅਨਾਜ ਅਪਣਾਉਣ ’ਤੇ ਜ਼ੋਰ ਦਿੱਤਾ ਅਤੇ ਹੋਰਨਾਂ ਨੂੰ ਵੀ ਇਸ ਵੱਲ ਉਤਸ਼ਾਹਿਤ ਕੀਤਾ। ਵਾਤਾਵਰਨ ਅਤੇ ਸਿਹਤ ਦੇ ਉੱਘੇ ਮਾਹਰ ਡਾ. ਅਮਰ ਸਿੰਘ ਆਜ਼ਾਦ ਨੇ ਆਪਣੇ ਭਾਸ਼ਨ ’ਚ ਲੋਕਾਈ ਨੂੰ ਮੂਲ ਅਨਾਜਾਂ ਦੇ ਅਣਗਿਣਤ ਲਾਭਾਂ ਨੂੰ ਤਫ਼ਸੀਲ ਨਾਲ ਸਮਝਾਉਂਦਿਆਂ ਕਿਹਾ ਕਿ ਇਨ੍ਹਾਂ ਦੀ ਵਰਤੋਂ ਨਾਲ ਪੁਰਾਣੀਆਂ ਬਿਮਾਰੀਆਂ ਵੀ ਸੰਪੂਰਨ ਰੂਪ ’ਚ ਠੀਕ ਹੋ ਜਾਂਦੀਆਂ ਹਨ।
ਖੇਤੀ ਵਿਰਾਸਤ ਮਿਸ਼ਨ ਦੇ ਨਿਰਦੇਸ਼ਕ ਓਮੇਂਦਰ ਦੱਤ ਨੇ ਦੱਸਿਆ ਕਿ ‘ਮਿਸ਼ਨ ਨੀਵ’ ਜ਼ਿਲ੍ਹਾ ਪ੍ਰਸ਼ਾਸਨ ਅਤੇ ਖੇਤੀ ਵਿਰਾਸਤ ਮਿਸ਼ਨ ਦੀ ਸਾਂਝੀ ਮੁਹਿੰਮ ਹੈ, ਜੋ ਸਮੁੱਚੇ ਮੂਲ ਅਨਾਜਾਂ ਨੂੰ ਉਤਸ਼ਾਹਿਤ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਸ਼ੁਰੂਆਤ ਲਈ ਅਲਾਇੰਸ ਇੰਟਰਨੈਸ਼ਨਲ ਸਕੂਲ ਜੈਤੋ, ਸਵਾਮੀ ਵਿਵੇਕਾਨੰਦ ਗਰੁੱਪ ਆਫ਼ ਇੰਸਟੀਚਿਊਟ ਬਨੂੜ, ਡਾ. ਧਰਮਵੀਰ ਸਿੰਘ ਭਾਟੀਆ ਸਮਾਰਕ ਸਮਿਤੀ ਜੈਤੋ ਵੱਲੋਂ ਸਹਿਯੋਗ ਕੀਤਾ ਗਿਆ ਹੈ। ਲੁਧਿਆਣਾ ਤੋਂ ਪਹੁੰਚੇ ਸੈੱਫ ਮੋਨਾ ਗਰੋਵਰ ਨੇ ਮੂਲ ਅਨਾਜਾਂ ਦੇ ਵੱਖ-ਵੱਖ ਭੋਜਨ ਜਿਵੇਂ ਬਾਜਰੇ ਦੇ ਦਹੀਂ-ਚਾਵਲ, ਅੰਬਾਲੀ, ਬਾਜਰੇ ਦਾ ਹਲਵਾ, ਪੁਲਾਓ, ਰੋਟੀਆਂ ਆਦਿ ਬਣਾ ਕੇ ਇਨ੍ਹਾਂ ਦਾ ਸੁਆਦ ਚਖਾਇਆ।