ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 26 ਜੁਲਾਈ
ਦਿੱਲੀ ਦੀਆਂ ਬਰੂਹਾਂ ’ਤੇ ਲੱਗੇ ਕਿਸਾਨ ਮੋਰਚਿਆਂ ਦੇ 8 ਮਹੀਨੇ ਪੂਰੇ ਹੋਣ ’ਤੇ ਅੱਜ ਪੰਜਾਬ ਦੇ ਸੰਘਰਸ਼ੀ ਅਖਾੜਿਆਂ ਦੀ ਕਮਾਨ ਔਰਤਾਂ ਦੇ ਹੱਥ ਰਹੀ। ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਬਰਨਾਲਾ, ਜਗਰਾਉਂ, ਮਾਨਸਾ, ਬੁਢਲਾਡਾ, ਰਾਮਪੁਰਾ ਫੂਲ, ਮਹਿਲ ਕਲਾਂ ਵਿੱਚ ਔਰਤਾਂ ਦੇ ਵੱਡੇ ਕਾਫ਼ਲਿਆਂ ਨੇ ਧਰਨਿਆਂ ’ਚ ਸ਼ਮੂਲੀਅਤ ਕੀਤੀ ਅਤੇ ਦਿੱਲੀ ’ਚ ਚੱਲ ਰਹੀ ਔਰਤ ਕਿਸਾਨ ਸੰਸਦ ਨਾਲ ਇੱਕਜੁਟਤਾ ਪ੍ਰਗਟਾਈ।
ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਨਾਲ ਸਬੰਧਤ ਨੇਤਾਵਾਂ ਦੇ ਘਰਾਂ ਮੂਹਰੇ, ਟੌਲ ਪਲਾਜ਼ਿਆਂ ਉਪਰ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰੀ ਟਿਕਾਣਿਆਂ ਮੂਹਰੇ, ਰੇਲਵੇ ਸਟੇਸ਼ਨਾਂ ਦੇ ਪਾਰਕਾਂ ਅੰਦਰ, ਨਿੱਜੀ ਖੇਤਰ ਦੇ ਥਰਮਲ ਪਲਾਂਟ ਅਤੇ ਮੋਗਾ ਦੇ ਸਾਈਲੋ ਦੇ ਬਾਹਰ ਸਵਾ ਸੌ ਤੋਂ ਵੱਧ ਥਾਵਾਂ ’ਤੇ ਧਰਨੇ ਜਾਰੀ ਰਹੇ। ਇਸੇ ਤਰ੍ਹਾਂ ਕਿਲ੍ਹਾ ਰਾਏਪੁਰ (ਲੁਧਿਆਣਾ) ਵਿੱਚ ਅਡਾਨੀ ਦੀ ਖੁਸ਼ਕ ਬੰਦਰਗਾਹ ਅੱਗੇ ਵੀ ਕਿਸਾਨ ਸੰਸਦ ਜਾਰੀ ਰਹੀ। ਮਹਿਲਾ ਆਗੂਆਂ ਨੇ ਕਿਹਾ ਕਿ ਔਰਤਾਂ ਦੇ ਇਕੱਠਾਂ ਨੇ ਸਾਬਤ ਕਰ ਦਿੱਤਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਮਾਨਸਿਕ ਅਤੇ ਸਰੀਰਕ ਲੜਾਈਆਂ ਵਿੱਚ ਪਿੱਛੇ ਰਹਿਣ ਵਾਲੀਆਂ ਨਹੀਂ, ਸਗੋਂ ਬਰਾਬਰ ਦੀ ਹੈਸੀਅਤ ਨਾਲ ਸੰਘਰਸ਼ ਵਿੱਚ ਸ਼ਾਮਲ ਹੋ ਰਹੀਆਂ ਹਨ।
ਤੋਮਰ ਦੇ ਬਿਆਨ ਨੂੰ ਭਾਜਪਾ ਦੀ ਬੁਖਲਾਹਟ ਦੱਸਿਆ
ਬੀਬੀਆਂ ਨੇ ਭਾਜਪਾ ਦੀ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨਾਂ ਨੂੰ ਮਵਾਲੀ ਕਹਿਣ ’ਤੇ ਤੁਰੰਤ ਮੁਆਫ਼ੀ ਮੰਗਣ ਲਈ ਕਿਹਾ। ਸੰਯੁਕਤ ਮੋਰਚੇ ਵਿੱਚ ਸ਼ਾਮਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਦੱਸਿਆ ਕਿ ਧਰਨਿਆਂ ਦੀ ਸਮੁੱਚੀ ਕਾਰਵਾਈ ਔਰਤਾਂ ਨੇ ਚਲਾਈ ਅਤੇ ਸਟੇਜ ਤੋਂ ਸਿਰਫ ਔਰਤ ਆਗੂਆਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਖੇਤੀ ਮੰਤਰੀ ਨੇ ਬਿਆਨ ਦਿੱਤਾ ਹੈ ਕਿ ਕਿਸਾਨਾਂ ਵੱਲੋਂ ਜੰਤਰ ਮੰਤਰ ’ਤੇ ਚਲਾਈ ਜਾ ਰਹੀ ‘ਕਿਸਾਨ ਸੰਸਦ’ ਬੇਤੁਕੀ ਕਾਰਵਾਈ ਹੈ। ਅਸਲ ਵਿੱਚ ਬੇਤੁਕਾ ਤਾਂ ਤੋਮਰ ਦਾ ਬਿਆਨ ਹੈ।