ਮੁਕੇਰੀਆਂ (ਪੱਤਰ ਪ੍ਰੇਰਕ): ਅੱਜ ਦੇਰ ਸ਼ਾਮ ਮੁਕੇਰੀਆਂ-ਪਠਾਨਕੋਟ ਮਾਰਗ ’ਤੇ ਪੈਂਦੇ ਕਸਬਾ ਹਰਸੇ ਮਾਨਸਰ ਕੋਲ ਬਣੇ ਫਲਾਈਓਵਰ ਦੇ ਡਿਵਾਈਡਰ ਨਾਲ ਇੱਕ ਇਨੋਵਾ ਕਾਰ ਦੀ ਟੱਕਰ ਹੋ ਗਈ, ਜਿਸ ਕਾਰਨ ਤਿੰਨ ਜਣਿਆਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਹੋਈ ਇੱਕ ਔਰਤ ਨੂੰ ਮੁਕੇਰੀਆਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅੱਜ ਸਵੇਰੇ ਪਠਾਨਕੋਟ ਦੇ ਪਿੰਡ ਨੁਸ਼ਿਹਰਾ ਨਲਬੰਦਾ ਤੋਂ ਕੁਝ ਲੋਕ ਮੁਕੇਰੀਆਂ ਦੇ ਫੱਤੂਵਾਲ ਵਿਚਲੇ ਰਾਣਾ ਫਾਰਮ ਵਿੱਚ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਆਏ ਸਨ। ਅੱਜ ਦੇਰ ਸ਼ਾਮ ਕਰੀਬ 6 ਵਜੇ ਜਦੋਂ ਉਹ ਇਨੋਵਾ ਕਾਰ ’ਤੇ ਵਾਪਸ ਜਾ ਰਹੇ ਸਨ ਤਾਂ ਤੇਜ਼ ਮੀਂਹ ਦੌਰਾਨ ਕਾਰ ਅਚਾਨਕ ਕਸਬਾ ਹਰਸਾ ਮਾਨਸਰ ਕੋਲ ਬਣੇ ਫਲਾਈਓਵਰ ਦੇ ਡਿਵਾਈਡਰ ਨਾਲ ਟਕਰਾ ਗਈ। ਮ੍ਰਿਤਕਾਂ ਦੀ ਪਛਾਣ ਰਾਜਵਿੰਦਰ ਸਿੰਘ (48) ਪੁੱਤਰ ਜਸਵੰਤ ਸਿੰਘ, ਜਸ਼ਨਪ੍ਰੀਤ ਸਿੰਘ (16) ਪੁੱਤਰ ਕਮਲਜੀਤ ਸਿੰਘ ਤੇ ਜਸ਼ਨਦੀਪ ਸਿੰਘ (17) ਪੁੱਤਰ ਪਰਮਜੀਤ ਸਿੰਘ ਵਜੋਂ ਅਤੇ ਜ਼ਖ਼ਮੀ ਔਰਤ ਦੀ ਪਛਾਣ ਭੁਪਿੰਦਰ ਕੌਰ (45) ਵਜੋਂ ਹੋਈ ਹੈ।