ਜਗਮੋਹਨ ਸਿੰਘ
ਰੂਪਨਗਰ, 10 ਜੂਨ
ਜਿੱਥੇ ਜ਼ਿਲ੍ਹਾ ਰੂਪਨਗਰ ਅੰਦਰ ਬਾਗਬਾਨੀ ਵਿਭਾਗ ਪੰਜਾਬ ਦੁਆਰਾ ਰਵਾਇਤੀ ਫਸਲਾਂ ਦੇ ਬਦਲ ਵੱਜੋਂ ਕਿਸਾਨਾਂ ਨੂੰ ਫਲ, ਸਬਜ਼ੀਆਂ ਤੇ ਫੁੱਲਾਂ ਆਦਿ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਉੱਥੇ ਹੀ ਅੰਬੂਜਾ ਸੀਮਿੰਟ ਫਾਊਂਡੇਸ਼ਨ ਦੁਆਰਾ ਵੀ ਕਿਸਾਨਾਂ ਦੀ ਆਮਦਨ ਵਧਾਉਣ ਦੇ ਉਦੇਸ਼ ਨਾਲ ਸੇਬਾਂ ਦੀ ਕਾਸ਼ਤ ਲਈ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਅੰਬੂਜਾ ਫਾਊਂਡੇਸ਼ਨ ਦੁਆਰਾ 30 ਕਿਸਾਨਾਂ ਦੇ ਖੇਤਾਂ ਵਿੱਚ ਸੇਬਾਂ ਦੇ ਬਾਗ ਲਗਵਾਏ ਗਏ ਹਨ। ਇਸ ਤੋਂ ਇਲਾਵਾ ਪਿੰਡ ਬੜੀ ਅਤੇ ਲਾਲਪੁਰਾ ਵਿੱਚ ਵੀ ਕਿਸਾਨਾਂ ਦੁਆਰਾ ਇੱਕ ਏਕੜ ਤੋਂ ਵੱਧ ਰਕਬੇ ਵਿੱਚ ਸੇਬਾਂ ਦੇ ਪੌਦੇ ਲਗਾਏ ਗਏ ਹਨ। ਹੁਣ ਬਾਗ਼ਬਾਨੀ ਵਿਭਾਗ ਵੱਲੋਂ ਛੋਟੇ ਅਤੇ ਸੀਮਾਂਤ ਜ਼ਿਮੀਦਾਰਾਂ ਲਈ ਖੇਤਾਂ ਵਿੱਚ ਹੀ ਛੋਟੇ ਕੋਲਡ ਰੂਮ ਸਥਾਪਿਤ ਕਰਨ ਦੀ ਯੋਜਨਾ ਉਲੀਕੀ ਗਈ ਹੈ। ਸਹਾਇਕ ਬਾਗ਼ਬਾਨੀ ਡਾਇਰੈਕਟਰ ਰੂਪਨਗਰ ਗੁਰਜੀਤ ਸਿੰਘ ਬੱਲ ਨੇ ਦੱਸਿਆ ਕਿ ਵਿਭਾਗ ਵੱਲੋਂ ਫਲਾਂ ਅਤੇ ਸਬਜ਼ੀਆਂ ਦੀ ਤੁੜਾਈ ਉਪਰੰਤ ਸਾਂਭ ਸੰਭਾਲ ਲਈ ਰਾਸ਼ਟਰੀ ਕ੍ਰਿਸ਼ੀ ਵਿਕਾਸ ਯੋਜਨਾ ਅਧੀਨ ਛੋਟੇ ਅਤੇ ਸੀਮਾਂਤ ਕਿਸਾਨਾਂ ਨੂੰ ਕੋਲਡ ਰੂਮ ਸਥਾਪਿਤ ਕਰਨ ਲਈ 1 ਲੱਖ 50 ਹਜ਼ਾਰ ਰੁਪਏ ਦੀ ਸਬਸਿਡੀ ਦਿੱਤੀ ਜਾ ਰਹੀ ਹੈ। ਲਗਪੱਗ 3 ਮੀਟਰਕ ਟਨ ਸਮਰੱਥਾ ਵਾਲੇ ਕੋਲਡ ਸਟੋਰ ਦੀ ਕੀਮਤ 3 ਲੱਖ ਰੁਪਏ ਹੈ।