ਦਰਸ਼ਨ ਸਿੰਘ ਮਿੱਠਾ/ਬਹਾਦਰ ਸਿੰਘ
ਰਾਜਪੁਰਾ, 2 ਮਈ
ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਨੇ ਅੱਜ ਨਲਾਸ ਵਿੱਚ ਰਾਜਪੁਰਾ ਦੇ ਥਰਮਲ ਪਲਾਂਟ ਦਾ ਦੌਰਾ ਕਰਦਿਆਂ ਬਿਜਲੀ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਝੋਨੇ ਦਾ ਸੀਜ਼ਨ ਸ਼ੁਰੂ ਹੋਣ ਕਰ ਕੇ ਬਿਜਲੀ ਦੀ ਮੰਗ ਵਿਚ ਕਾਫ਼ੀ ਵਾਧਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਥਰਮਲ ਪਲਾਟਾਂ ਵਿੱਚ ਕੋਲੇ ਦੀ ਦਿੱਕਤ ਸਿਰਫ਼ ਪੰਜਾਬ ਵਿੱਚ ਹੀ ਨਹੀਂ ਸਗੋਂ ਪੂਰੇ ਦੇਸ਼ ਵਿੱਚ ਹੈ। ਪੰਜਾਬ ਦੀ ਸਥਿਤੀ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਬਿਹਤਰ ਹੈ। ਉਨ੍ਹਾਂ ਦੱਸਿਆ ਕਿ ਰਾਜਪੁਰਾ ਥਰਮਲ ਪਲਾਂਟ ਦਾ ਨਿਰੀਖਣ ਕਰਨ ’ਤੇ ਪਤਾ ਲੱਗਿਆ ਹੈ ਕਿ ਇੱਥੇ ਹਾਲੇ 20 ਦਿਨ ਦਾ ਕੋਲਾ ਪਿਆ ਹੈ। ਤਲਵੰਡੀ ਸਾਬੋ ਦੇ ਖ਼ਰਾਬ ਯੂਨਿਟ ਠੀਕ ਕਰ ਦਿੱਤੇ ਗਏ ਹਨ ਅਤੇ ਅੱਜ 15 ’ਚੋਂ 13 ਯੂਨਿਟ ਚੱਲ ਰਹੇ ਹਨ। ਉਨ੍ਹਾਂ ਕਿਹਾ ਕਿ ਝੋਨੇ ਦੇ ਸੀਜ਼ਨ ਦੇ ਮੱਦੇਨਜ਼ਰ ਉਨ੍ਹਾਂ ਵੱਲੋਂ ਸਾਰੇ ਥਰਮਲ ਪਲਾਂਟਾਂ ਦਾ ਦੌਰਾ ਕਰ ਕੇ ਬਿਜਲੀ ਦੀ ਪੈਦਾਵਾਰ ਸਬੰਧੀ ਜਾਇਜ਼ਾ ਲਿਆ ਜਾ ਰਿਹਾ ਹੈ ਤਾਂ ਜੋ ਆਉਣ ਵਾਲੇ ਦਿਨਾਂ ’ਚ ਕਿਸੇ ਕਿਸਮ ਦੀ ਮੁਸ਼ਕਲ ਨਾ ਆਵੇ।
ਉਨ੍ਹਾਂ ਕਿਹਾ ਕਿ ਇਸ ਸਾਲ ਪਿਛਲੇ ਸਾਲ ਦੇ ਮੁਕਾਬਲੇ ਬਿਜਲੀ ਦੀ ਮੰਗ 32 ਫ਼ੀਸਦੀ ਵਧੀ ਹੈ ਪਰ ਖੇਤੀ ਸੈਕਟਰ ਨੂੰ ਜਿੰਨੀ ਬਿਜਲੀ ਚਾਹੀਦੀ ਹੈ, ਓਨੀ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਬਿਜਲੀ ਦੇ ਮੁੱਦੇ ’ਤੇ ਉਹ 10 ਮਈ ਨੂੰ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਕਰਨਗੇ। ਇਸ ਤੋਂ ਪਹਿਲਾਂ ਬਿਜਲੀ ਮੰਤਰੀ ਨੇ ਥਰਮਲ ਪਲਾਂਟ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਅਤੇ ਥਰਮਲ ਪਲਾਂਟ ਦਾ ਜਾਇਜ਼ਾ ਲਿਆ। ਇਸ ਮਗਰੋਂ ਉਨ੍ਹਾਂ ਨੇ ਵਿਧਾਇਕਾ ਨੀਨਾ ਮਿੱਤਲ ਨਾਲ ਥਰਮਲ ਪਲਾਂਟ ਦੇ ਵਿਹੜੇ ਵਿਚ ਪੌਦੇ ਵੀ ਲਾਏ।