ਰਵੇਲ ਸਿੰਘ ਭਿੰਡਰ
ਪਟਿਆਲਾ, 19 ਅਕਤੂਬਰ
ਪੰਜਾਬ ਨੂੰ ਅਗਲੇ ਦਿਨਾਂ ’ਚ ਕਿਸੇ ਵੀ ਸਮੇਂ ਕੋਲੇ ਦੇ ਸੰਕਟ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਥਰਮਲਾਂ ਕੋਲ ਕੋਲਾ ਮੁੱਕਣ ਕਿਨਾਰੇ ਹੈ ਜਦੋਂ ਕਿ ਕੋਲੇ ਦੇ ਸੰਕਟ ਕਾਰਨ ਗੋਇੰਦਵਾਲ ਸਾਹਿਬ ਥਰਮਲ ਪਹਿਲਾਂ ਹੀ ਬੰਦ ਹੋ ਚੁੱਕਿਆ ਹੈ। ਰਾਤਾਂ ਠੰਢੀਆਂ ਹੋਣ ਕਾਰਨ ਭਾਵੇਂ ਬਿਜਲੀ ਦੀ ਮੰਗ ਪਹਿਲਾਂ ਨਾਲੋਂ ਘੱਟ ਕੇ 5 ਤੋਂ 6 ਹਜ਼ਾਰ ਮੈਗਾਵਾਟ ਦਰਮਿਆਨ ਆ ਗਈ ਹੈ। ਫਿਰ ਵੀ ਬਿਜਲੀ ਪ੍ਰਬੰਧਾਂ ਵਜੋਂ ਸੂਬੇ ਦੇ ਥਰਮਲਾਂ ਕੋਲ ਕੋਲੇ ਦੇ ਸੰਤੁਸ਼ਟੀਜਨਕ ਭੰਡਾਰ ਨਹੀਂ ਹਨ। ਕਿਸਾਨ ਅੰਦੋਲਨ ਕਾਰਨ ਰੇਲਾਂ ਰੁਕੀਆਂ ਹੋਈਆਂ ਹਨ ਜਿਸ ਕਾਰਨ ਕੋਲੇ ਦੀ ਸਪਲਾਈ ਪਿਛਲੇ ਮਹੀਨੇ ਤੋਂ ਬੰਦ ਹੈ। ਰਾਜਪੁਰਾ ਤੇ ਤਲਵੰਡੀ ਸਾਬੋ ਪਲਾਂਟਾਂ ਕੋਲ ਕੋਲਾ ਮੁੱਕਣ ਕਿਨਾਰੇ ਹਨ। ਤਲਵੰਡੀ ਸਾਬੋ ਕੋਲ ਬੀਤੇ ਦਿਨ 9972.3 ਮੀਟਰਿਕ ਟਨ ਤੇ ਰਾਜਪੁਰਾ ਪਲਾਂਟ ਕੋਲ 15468 ਮੀਟਰਿਕ ਟਨ ਹੀ ਕੋਲਾ ਸੀ ਜਿਹੜਾ ਪੂਰੇ ਦਿਨ ਜੋਗਾ ਵੀ ਨਹੀਂ ਹੈ।
ਉਧਰ ਪਾਵਰਕੌਮ ਨੂੰ ਭਾਵੇਂ ਫਿਲਹਾਲ ਆਪਣੇ ਥਰਮਲਾਂ ਕੋਲ ਕੁਝ ਬਚੇ ਪਏ ਕੋਲੇ ਦੇ ਭੰਡਾਰ ਦੀ ਆਸ ਬਾਕੀ ਹੈ। ਦੱਸਿਆ ਜਾ ਰਿਹਾ ਹੈ ਕਿ ਬੰਦ ਪਏ ਇਨ੍ਹਾਂ ਪਲਾਂਟਾਂ ਕੋਲ ਕੋਲਾ ਮਹਿਜ਼ ਛੇ ਦਿਨ ਜੋਗਾ ਹੀ ਹੈ। ਸੂਤਰਾਂ ਮੁਤਾਬਿਕ ਪੰਜਾਬ ਸਰਕਾਰ ਵਿੱਤੀ ਤੰਗੀ ਕਾਰਨ ਬਾਹਰੀ ਸਰੋਤਾਂ ਪਾਸੋਂ ਮੁੱਲ ਦੀ ਬਿਜਲੀ ਖਰੀਦਣ ਤੋਂ ਅਸਮਰੱਥ ਹੈ ਜਿਸ ਹਾਲਾਤ ਵਿਚ ਬਿਜਲੀ ਸੰਕਟ ਵਧ ਸਕਦਾ ਹੈ।
ਕੋਲੇ ਦੇ ਕਰੀਬ 40 ਰੈਕ ਪੰਜਾਬ ਤੋਂ ਬਾਹਰ ਖੜ੍ਹੇ: ਅਧਿਕਾਰੀ
ਰੇਲਵੇ ਨੇ ਕੋਲੇ ਦੇ ਰੈਕ ਦੂਜੇ ਸੂਬਿਆਂ ਨੂੰ ਭੇਜੇ ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਪੰਜਾਬ ਦੇ 40 ਦੇ ਕਰੀਬ ਕੋਲੇ ਦੇ ਰੈਕ ਕਿਸਾਨ ਅੰਦੋਲਨ ਕਾਰਨ ਪੰਜਾਬ ਤੋਂ ਬਾਹਰ ਖੜ੍ਹੇ ਸਨ, ਇਨ੍ਹਾਂ ਨੂੰ ਹੁਣ ਰੇਲਵੇ ਵਿਭਾਗ ਨੇ ਹੋਰਨਾਂ ਸੂਬਿਆਂ ਵੱਲ ਭੇਜਣ ਦਾ ਫੈਸਲਾ ਕਰ ਲਿਆ ਹੈ। ਦੱਸਿਆ ਜਾਂਦਾ ਹੈ ਕਿ ਪੰਜਾਬ ਲਈ ਤੁਰਿਆ ਕੋਲਾ ਹੋਰਨਾਂ ਸੂਬਿਆਂ ਵੱਲ ਜਾਣ ਨਾਲ ਪੰਜਾਬ ’ਚ ਕੋਲੇ ਦਾ ਸੰਕਟ ਹੋਰ ਵੀ ਗੰਭੀਰ ਰੁਖ਼ ਅਖਤਿਆਰ ਕਰ ਸਕਦਾ ਹੈ। ਪਾਵਰਕੌਮ ਦੇ ਸੀਐਮਡੀ ਏ.ਵੇਣੂ ਪ੍ਰਸਾਦ ਨੇ ਮੰਨਿਆ ਕਿ ਪੰਜਾਬ ਕੋਲੇ ਦੇ ਵੱਡੇ ਸੰਕਟ ’ਚ ਘਿਰ ਰਿਹਾ ਹੈ, ਲਿਹਾਜ਼ਾ ਪ੍ਰਾਈਵੇਟ ਥਰਮਲ ਬੰਦ ਹੋਣ ਦੀ ਕਾਗਾਰ ’ਤੇ ਹਨ।