ਸਰਬਜੀਤ ਸਿੰਘ ਭੰਗੂ
ਪਟਿਆਲਾ 10 ਅਕਤੂਬਰ
ਕੋਲੇ ਦੀ ਤੋਟ ਕਾਰਨ ਬਿਜਲੀ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਭਾਵੇਂ ਹਾਲ ਹੀ ’ਚ 11 ਰੈਕਾਂ ਦੀ ਸਪਲਾਈ ਵੀ ਆ ਚੁੱਕੀ ਹੈ। ਇਸ ਦੇ ਬਾਵਜੂਦ ਪੰਜਾਬ ਵਿਚਲੇ ਤਿੰਨੋਂ ਪ੍ਰਾਈਵੇਟ ਥਰਮਲ ਪਾਵਰ ਪਲਾਂਟਾਂ ਕੋਲ ਡੇਢ ਡੇਢ ਦਿਨ ਦਾ ਕੋਲਾ ਹੀ ਬਚਿਆ ਹੈ ਜਦਕਿ ਦੋਵੇਂ ਸਰਕਾਰੀ ਥਰਮਲਾਂ ਕੋਲ ਚਾਰ-ਚਾਰ ਦਿਨਾਂ ਦਾ ਕੋਲਾ ਹੈ। ਇਸ ਕਾਰਨ, ਲੋਕਾਂ ਨੂੰ ਰੋਜ਼ਾਨਾ ਦੋ ਤੋਂ ਤਿੰਨ ਘੰਟਿਆਂ ਤੱਕ ਦੇ ਬਿਜਲੀ ਕੱਟਾਂ ਨਾਲ਼ ਜੂਝਣਾ ਪਵੇਗਾ। ਇਸ ਸਬੰਧੀ ਪਾਵਰਕੌਮ ਨੇ ਅੱਜ ਅਧਿਕਾਰਤ ਤੌਰ ’ਤੇ ਅਜਿਹਾ ਐਲਾਨ ਕੀਤਾ ਹੈ। ਉਂਜ ਪਾਵਰਕੌਮ ਨੇ ਭਾਵੇਂ ਅਜਿਹੇ ਕੱਟ ਬੁੱਧਵਾਰ ਤੱਕ ਲਾਏ ਜਾਣ ਦੀ ਗੱਲ ਹੀ ਆਖੀ ਹੈ ਪਰ ਮਾਹਿਰਾਂ ਦੀ ਮੰਨੀਏ, ਤਾਂ ਕੋਲੇ ਦਾ ਇਹ ਸੰਕਟ ਅਜੇ ਇੱਕ ਮਹੀਨਾ ਹੋਰ ਚੱਲ ਸਕਦਾ ਹੈ। ਇਸ ਲਿਹਾਜ਼ ਨਾਲ ਜਿਥੇ ਲੋਕਾਂ ਨੂੰ ਅਜੇ ਕਈ ਦਿਨਾਂ ਤੱਕ ਹੋਰ ਬਿਜਲੀ ਕੱਟਾਂ ਨਾਲ ਜੂਝਣਾ ਪੈ ਸਕਦਾ ਹੈ, ਉੱਥੇ ਹੀ ਬਿਜਲੀ ਕੱਟਾਂ ਦਾ ਸਮਾਂ ਵੀ ਤਿੰਨ ਘੰਟਿਆਂ ਤੋਂ ਵਧ ਸਕਦਾ ਹੈ। ਇਸੇ ਦੌਰਾਨ ਪਟਿਆਲਾ ਸਥਿਤ ਪਾਵਰਕੌਮ ਦੇ ਮੁੱਖ ਦਫ਼ਤਰ ਤੋਂ ਸੀਐੱਮਡੀ ਏ.ਵੇਣੂ ਪ੍ਰਸਾਦ ਨੇ ਪ੍ਰਾਈਵੇਟ ਥਰਮਲਾਂ ਕੋਲ ਡੇਢ ਦਿਨ ਤੇ ਸਰਕਾਰੀ ਥਰਮਲਾਂ ਕੋਲ 4 ਦਿਨਾਂ ਦਾ ਹੀ ਕੋਲਾ ਬਚਿਆ ਹੋਣ ਦੀ ਪੁਸ਼ਟੀ ਕੀਤੀ। ਉਨ੍ਹਾਂ ਹੋਰ ਦੱਸਿਆ ਕਿ ਕੋਲੇ ਦੀ ਤੋਟ ਕਾਰਨ ਇਹ ਪਲਾਂਟ 50 ਫੀਸਦੀ ਸਮਰੱਥਾ ’ਤੇ ਹੀ ਕੰਮ ਕਰ ਰਹੇ ਹਨ। ਝੋਨੇ ਦੀ ਬਿਜਾਈ ਵਿੱਚ ਦੇਰੀ ਅਤੇ ਝੋਨੇ ਲਈ ਬਿਜਲੀ ਸਪਲਾਈ ਦੀ ਲੋੜ ਹੋਣ ਕਾਰਨ ਖੇਤੀਬਾੜੀ ਖੇਤਰ ਦੀ ਮੰਗ ਅਜੇ ਵੀ ਕਾਇਮ ਹੈ। ਸੀਐੱਮਡੀ ਨੇ ਖੁਲਾਸਾ ਕੀਤਾ ਕਿ ਪਾਵਰਕੌਮ ਬਹੁਤ ਜ਼ਿਆਦਾ ਦਰਾਂ ’ਤੇ ਵੀ ਖੇਤੀਬਾੜੀ ਸੈਕਟਰ ਸਮੇਤ ਰਾਜ ਦੇ ਖਪਤਕਾਰਾਂ ਦੀ ਬਿਜਲੀ ਮੰਗ ਨੂੰ ਪੂਰਾ ਕਰਨ ਲਈ ਮਾਰਕੀਟ ਤੋਂ ਬਿਜਲੀ ਖਰੀਦ ਰਿਹਾ ਹੈ।
ਪਾਵਰਕੌਮ ਨੇ ਮਹਿੰਗੇ ਭਾਅ ’ਤੇ ਬਿਜਲੀ ਖਰੀਦ ਕੇ 9 ਅਕਤੂਬਰ ਨੂੰ 8788 ਮੈਗਾਵਾਟ ਦੀ ਬਿਜਲੀ ਦੀ ਮੰਗ ਪੂਰੀ ਕੀਤੀ ਜਦਕਿ 10 ਅਕਤੂਬਰ ਨੂੰ ਐਕਸਚੇਂਜ ਤੋਂ 11.60 ਰੁਪਏ ਪ੍ਰਤੀ ਯੂਨਿਟ ਦੀ ਦਰ ਨਾਲ 1800 ਮੈਗਾਵਾਟ ਬਿਜਲੀ ਖਰੀਦੀ ਗਈ ਹੈ ਪਰ ਬਿਜਲੀ ਖਰੀਦਣ ਦੇ ਬਾਵਜੂਦ, ਮੰਗ ਅਤੇ ਸਪਲਾਈ ਵਿਚਲੇ ਪਾੜੇ ਨੂੰ ਦੂਰ ਕਰਨ ਲਈ ਬਿਜਲੀ ਖਪਤਕਾਰਾਂ ਦੀਆਂ ਸਾਰੀਆਂ ਸ਼੍ਰੇਣੀਆਂ ’ਤੇ ਰਾਜ ਭਰ ਵਿੱਚ ਲੋਡ ਸ਼ੈਡਿੰਗ ਕਰਨੀ ਪਏਗੀ। ਇਸ ਤਹਿਤ ਬੁੱਧਵਾਰ ਤੱਕ ਹਰ ਰੋਜ਼ 2 ਤੋਂ 3 ਘੰਟੇ ਬਿਜਲੀ ਕੱਟ ਦੀ ਮਿਆਦ ਲਾਗੂ ਕਰਨੀ ਪਵੇਗੀ। ਉਂਜ ਉਨ੍ਹਾਂ ਨੇ ਬਿਜਲੀ ਮੰਗ ’ਚ ਗਿਰਾਵਟ ਆਈ ਹੋਣ ਦਾ ਦਾਅਵਾ ਕਰਦਿਆਂ, ਕੋਲੇ ਦੇ ਭੰਡਾਰ ਨੂੰ ਵਧਾਉਣ ਲਈ ਲੋੜੀਂਦੀ ਮਾਤਰਾ ਵਿੱਚ ਕੋਲੇ ਦੀ ਆਮਦ ਦੇ ਨਾਲ਼ 15 ਅਕਤੂਬਰ ਤੋਂ ਬਾਅਦ ਸਥਿਤੀ ਹੋਰ ਆਸਾਨ ਹੋਣ ਦੀ ਆਸ ਵੀ ਜਤਾਈ ਹੈ। ਅੱਜ ਛੁੱਟੀ ਕਾਰਨ ਬਿਜਲੀ ਦੀ ਮੰਗ 500 ਮੈਗਾਵਾਟ ਘਟਣ ਕਰਕੇ 6600 ਮੈਗਾਵਾਟ ਰਹੀ ਜਦਕਿ ਸਪਲਾਈ 6500 ਮੈਗਾਵਾਟ ਰਹੀ। ਇਸ ਵਿੱਚੋਂ 1800 ਮੈਗਾਵਾਟ ਪਾਵਰਕੌਮ ਨੂੰ 11.60 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ਼ ਬਿਜਲੀ ਬਾਹਰੋਂ ਵੀ ਖ਼ਰੀਦਣੀ ਪਈ।
ਸਰਕਾਰੀ ਥਰਮਲਾਂ ਦੇ ਤਿੰਨ ਯੂਨਿਟ ਬੰਦ
ਦੋਵੇਂ ਸਰਕਾਰੀ ਥਰਮਲਾਂ ਰੋਪੜ ਤੇ ਲਹਿਰਾ ਮੁਹੱਬਤ ਕੋਲ ਸਭ ਤੋਂ ਵੱਧ ਚਾਰ-ਚਾਰ ਦਿਨਾਂ ਦਾ ਕੋਲਾ ਹੋਣ ਦੇ ਬਾਵਜੂਦ ਇਨ੍ਹਾਂ ਦੇ ਅੱਠ ਵਿੱਚੋਂ ਪੰਜ ਯੂਨਿਟ ਹੀ ਚੱਲ ਰਹੇ ਹਨ ਕਿਉਂਕਿ ਰੋਪੜ ਦੇ ਦੋ ਅਤੇ ਲਹਿਰਾ ਮੁਹੱਬਤ ਦਾ ਇੱਕ ਯੂਨਿਟ ਕਿਸੇ ਕਾਰਨ ਬੰਦ ਪਿਆ ਹੈ। ਜੇਕਰ ਇਹ ਤਿੰਨ ਯੂਨਿਟ ਵੀ ਚੱਲਦੇ ਹੋਣ, ਤਾਂ ਪਾਵਰਕੌਮ ਬਿਜਲੀ ਖਰੀਦਣ ਲਈ ਘੱਟ ਖਰਚ ਕਰਨਾ ਪੈਂਦਾ। ਇਨ੍ਹਾਂ ਥਰਮਲਾਂ ਦੀ ਮੁਰੰਮਤ ਲਈ ਇਸ ਵਿੱਤੀ ਵਰ੍ਹੇ ਦੌਰਾਨ ਰੈਗੂਲੇਟਰੀ ਕਮਿਸ਼ਨ ਵੱਲੋਂ 416 ਕਰੋੜ ਰੁਪਏ ਪ੍ਰਵਾਨ ਕੀਤੇ ਗਏ ਸਨ। ਫੇਰ ਵੀ ਹੁਣ ਵੱਡੀ ਲੋੜ ਹੋਣ ’ਤੇ ਇਨ੍ਹਾਂ ਦੇ ਤਿੰਨ ਯੂਨਿਟ ਬੰਦ ਪਏ ਹਨ।
ਰਾਜਪੁਰਾ ਥਰਮਲ ਪਾ ਰਿਹੈ ਚੋਖਾ ਯੋਗਦਾਨ
ਕੋਲੇ ਦੇ ਵੱਡੇ ਸੰਕਟ ਦੇ ਬਾਵਜੂਦ ਰਾਜਪੁਰਾ ’ਚ ਸਥਿਤ ਪ੍ਰਾਈਵੇਟ ਥਰਮਲ ਪਲਾਂਟ ਹੀ ਅਜਿਹਾ ਇਕਲੌਤਾ ਹੈ, ਜੋ ਪੂਰੀ ਸਮਰੱਥਾ ’ਚ ਚੱਲ ਰਿਹਾ ਹੈ। ਪੰਜਾਬ ’ਚ ਬਿਜਲੀ ਦੀ ਰੋਜ਼ਾਨਾ ਹੋ ਰਹੀ 3500 ਮੈਗਾਵਾਟ ਪੈਦਾਵਾਰ ਵਿੱਚੋਂ 1320 (38 ਫੀਸਦੀ) ਦੀ ਭਰਪਾਈ ਰਾਜਪੁਰਾ ਥਰਮਲ ਵੱਲੋਂ ਕੀਤੀ ਜਾ ਰਹੀ ਹੈ। ਸਮੁੱਚੇ ਥਰਮਲਾਂ ਦੀ ਸਥਿਤੀ ’ਤੇ ਝਾਤ ਮਾਰੀਏ, ਤਾਂ ਰਾਜਪੁਰਾ ਥਰਮਲ ਤੋਂ 1320 ਮੈਗਾਵਾਟ, ਤਲਵੰਡੀ ਤੋਂ 655 , ਸੋਲਰ ਸਿਸਟਮ ਤੋਂ 400, ਰੋਪੜ ਥਰਮਲ ਤੋਂ 334, ਲਹਿਰਾ ਮੁਹੱਬਤ ਤੋਂ 332 ਮੈਗਾਵਾਟ ਹਾਈਡਰੋ ਪ੍ਰਾਜੈਕਟਾਂ ਤੋਂ 300 ਮੈਗਾਵਾਟ ਅਤੇ ਗੋਇੰਦਵਾਲ ਸਾਹਿਬ ਥਰਮਲ ਤੋਂ 260 ਮੈਗਾਵਾਟ ਬਿਜਲੀ ਦੀ ਪੈਦਾਵਾਰ ਹੋ ਰਹੀ ਹੈ।
ਲੋੜੀਂਦਾ ਕੋਲਾ ਨਾ ਰੱਖਣ ਵਾਲੇ ਨਿੱਜੀ ਤਾਪ ਘਰਾਂ ਖ਼ਿਲਾਫ਼ ਹੋਵੇ ਕਾਰਵਾਈ: ਸਿੱਧੂ
ਚੰਡੀਗੜ੍ਹ, 10 ਅਕਤੂਬਰ
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅੱਜ ਰਾਜ ’ਚ ਬਿਜਲੀ ਉਤਪਾਦਨ ਲਈ ਕੋਲੇ ਦਾ ਲੋੜੀਂਦਾ ਭੰਡਾਰ ਨਾ ਰੱਖ ਕੇ ਖਪਤਕਾਰਾਂ ਨੂੰ ਪ੍ਰੇਸ਼ਾਨ ਕਰਨ ਲਈ ਰਾਜ ਦੇ ਨਿੱਜੀ ਥਰਮਲ ਪਲਾਂਟਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਸਿੱਧੂ ਦੀ ਇਹ ਟਿੱਪਣੀ ਕੋਲੇ ਦੀ ਗੰਭੀਰ ਕਮੀ ਦੇ ਮੱਦੇਨਜ਼ਰ ਰਾਜ ਦੀ ਮਾਲਕੀ ਵਾਲੀ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (ਪੀਐੱਸਪੀਸੀਐੱਲ) ਵੱਲੋਂ ਬਿਜਲੀ ਉਤਪਾਦਨ ’ਚ ਕਟੌਤੀ ਕੀਤੇ ਜਾਣ ਤੇ ‘ਲੋਡ ਸ਼ੈਡਿੰਗ’ ਲਾਗੂ ਕਰਨ ਲਈ ਮਜਬੂਰ ਹੋਣ ਤੋਂ ਇੱਕ ਦਿਨ ਬਾਅਦ ਆਈ ਹੈ। ਸਿੱਧੂ ਨੇ ਟਵੀਟ ਕੀਤਾ , ‘ਪੰਜਾਬ ਨੂੰ ਪਛਤਾਉਣ ਦੀ ਥਾਂ ਤਿਆਰੀ ਕਰਨੀ ਚਾਹੀਦੀ ਹੈ। ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਅਤੇ 30 ਦਿਨ ਲਈ ਕੋਲੇ ਦਾ ਭੰਡਾਰ ਨਾ ਰੱਖ ਕੇ ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨੀ ’ਚ ਪਾਉਣ ਵਾਲੇ ਨਿੱਜੀ ਤਾਪ ਘਰਾਂ ਖ਼ਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਹ ਸੌਰ ਪੀਪੀਏ ਤੇ ਗਰਿੱਡ ਨਾਲ ਜੁੜੇ ਰੂਫ-ਟੌਪ ਸੋਲਰ ’ਤੇ ਤੇਜ਼ੀ ਨਾਲ ਕੰਮ ਕਰਨ ਦਾ ਸਮਾਂ ਹੈ।’
ਕੇਂਦਰੀ ਬਿਜਲੀ ਅਥਾਰਿਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ ਕੋਲਾ ਖਾਣ ਤੋਂ ਇੱਕ ਹਜ਼ਾਰ ਕਿਲੋਮੀਟਰ ਤੋਂ ਵੱਧ ਦੂਰੀ ’ਤੇ ਸਥਿਤ ਬਿਜਲੀ ਉਤਪਾਦਨ ਪਲਾਂਟਾਂ ’ਚ ਹਮੇਸ਼ਾ ਘੱਟੋ ਘੱਟ 30 ਦਿਨਾਂ ਲਈ ਕੋਲੇ ਦਾ ਭੰਡਾਰ ਹੋਣਾ ਚਾਹੀਦਾ ਹੈ ਪਰ ਰਾਜ ’ਚ ਬਿਜਲੀ ਪਲਾਂਟਾਂ ਨੇ ਇਸ ਪੱਧਰ ਤੱਕ ਭੰਡਾਰਨ ਨਹੀਂ ਕੀਤਾ।
ਪੀਐੱਸਪੀਸੀਐੱਲ ਦੇ ਇੱਕ ਅਧਿਕਾਰੀ ਨੇ ਬੀਤੇ ਦਿਨ ਕਿਹਾ ਸੀ ਕਿ ਕੋਲੇ ਦੀ ਲੋੜੀਂਦੀ ਸਪਲਾਈ ਨਾ ਹੋਣ ਕਾਰਨ ਰਾਜ ’ਚ ਬਿਜਲੀ ਪਲਾਂਟ ਘੱਟ ਸਮਰੱਥਾ ਨਾਲ ਚੱਲ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵੀ ਕੋਲੇ ਦੀ ਸਪਲਾਈ ਘੱਟ ਹੋਣ ਲਈ ਕੇਂਦਰ ਸਰਕਾਰ ਨੂੰ ਨਿਸ਼ਾਨੇ ’ਤੇ ਲਿਆ ਸੀ ਤੇ ਅਗਲੇ ਕੁਝ ਦਿਨਾਂ ਅੰਦਰ ਰਾਜ ਦੇ ਤਾਪ ਘਰ ਬੰਦ ਹੋਣ ਦਾ ਖਦਸ਼ਾ ਜਤਾਇਆ ਸੀ। ਉਨ੍ਹਾਂ ਕਿਹਾ ਕਿ ਕੋਲ ਇੰਡੀਆ ਲਿਮਿਟਡ ਦੀਆਂ ਵੱਖ ਵੱਖ ਸਹਾਇਕ ਕੰਪਨੀਆਂ ਨਾਲ ਸਮਝੌਤੇ ਦੇ ਬਾਵਜੂਦ ਪੰਜਾਬ ਨੂੰ ਲੋੜੀਂਦੀ ਮਾਤਰਾ ’ਚ ਕੋਲਾ ਸਪਲਾਈ ਨਹੀਂ ਹੋ ਰਿਹਾ। ਉਨ੍ਹਾਂ ਕੇਂਦਰ ਸਰਕਾਰ ਨੂੰ ਬਿਜਲੀ ਸੰਕਟ ਨਾਲ ਨਜਿੱਠਣ ਲਈ ਰਾਜ ਦਾ ਕੋਲਾ ਕੋਟਾ ਤੁਰੰਤ ਯਕੀਨੀ ਬਣਾਉਣ ਲਈ ਕਿਹਾ ਹੈ। ਪੀਐੱਸਪੀਸੀਐੱਲ ਨੇ ਬੀਤੇ ਦਿਨ ਦੇਸ਼ ’ਚ ਕੋਲੇ ਦੀ ਕਮੀ ਦੇ ਮੱਦੇਨਜ਼ਰ ਖਪਤਕਾਰਾਂ ਨੂੰ ਬਿਜਲੀ ਬਚਾਉਣ ਦੀ ਅਪੀਲ ਕੀਤੀ ਸੀ। -ਪੀਟੀਆਈ