ਸਰਬਜੀਤ ਸਿੰਘ ਭੰਗੂ
ਪਟਿਆਲਾ, 11 ਅਕਤੂਬਰ
ਦੇਸ਼ ਭਰ ’ਚ ਆਈ ਕੋਲੇ ਦੀ ਤੋਟ ਕਾਰਨ ਬਿਜਲੀ ਸੰਕਟ ਲਗਾਤਾਰ ਗਹਿਰਾਉਂਦਾ ਜਾ ਰਿਹਾ ਹੈ। ਕੋਲੇ ਦੀ ਤੋਟ ਕਾਰਨ ਲੋੜ ਅਨੁਸਾਰ ਬਿਜਲੀ ਉਤਪਾਦਨ ਨਾ ਹੋਣ ਕਾਰਨ ਪਾਵਰਕੌਮ ਨੂੰ ਰੋਜ਼ਾਨਾ ਹੀ ਦੇਸ਼ ਵਿਆਪੀ ਓਪਨ ਐਕਸਚੇਂਜ ਕੋਲੋਂ ਮਹਿੰਗੇ ਭਾਅ ਬਿਜਲੀ ਖਰੀਦਣੀ ਪੈ ਰਹੀ ਹੈ।
ਪਾਵਰਕੌਮ ਦੇ ਸੀਐੱਮਡੀ ਏ ਵੇਣੂ ਪ੍ਰਸਾਦ ਤੋਂ ਪ੍ਰਾਪਤ ਹੋਈ ਜਾਣਕਾਰੀ ਅਨੁਸਾਰ ਅੱਜ ਪਾਵਰਕੌਮ ਨੇ ਅੱਜ 33 ਕਰੋੜ 53 ਲੱਖ ਰੁਪਏ ਨਾਲ 24.02 ਮਿਲੀਅਨ ਯੂਨਿਟ ਬਿਜਲੀ ਖਰੀਦੀ ਹੈ। ਬਾਵਜੂਦ ਇਸ ਦੇ ਲੋਕਾਂ ਨੂੰ ਪੰਜਾਬ ਭਰ ’ਚ ਚਾਰ ਤੋਂ ਛੇ ਘੰਟਿਆਂ ਦੇ ਬਿਜਲੀ ਕੱਟ ਝੱਲਣੇ ਪਏ। ਜ਼ਿਕਰਯੋਗ ਹੈ ਕਿ ਕੋਲੇ ਦੀ ਤੋਟ ਕਾਰਨ ਪੈਦਾ ਹੋਏ ਸੰਕਟ ਦੇ ਹਵਾਲੇ ਨਾਲ ਪਾਵਰਕੌਮ ਮੈਨੇਜਮੈਂਟ ਨੇ ਐਤਵਾਰ ਨੂੰ ਐਲਾਨ ਕੀਤਾ ਸੀ ਕਿ ਬੁੱਧਵਾਰ ਤੱਕ ਪੰਜਾਬ ਵਾਸੀਆਂ ਨੂੰ ਰੋਜ਼ਾਨਾ ਦੋ ਤੋਂ ਤਿੰਨ ਘੰਟਿਆਂ ਤੱਕ ਦੇ ਬਿਜਲੀ ਕੱਟ ਝੱਲਣੇ ਪੈਣਗੇ। ਭਾਵੇਂ ਕਿ ਹਾਲਾਤ ਨਾਜ਼ੁਕ ਹੋਣ ਕਾਰਨ ਪਾਵਰਕੌਮ ਵੀ ਮਜਬੂਰ ਹੈ ਪਰ ਕੱਟਾਂ ਦੇ ਐਲਾਨ ਦੀ ਆੜ ’ਚ ਅੱਜ ਸੂਬੇ ਵਿੱਚ ਚਾਰ ਤੋਂ ਛੇ ਘੰਟਿਆਂ ਦੇ ਬਿਜਲੀ ਕੱਟ ਲਾਏ ਜਾਣ ਦੀ ਸੂਚਨਾ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਐਤਵਾਰ ਨੂੰ 12 ਰੈਕਾਂ ’ਚ ਪੁੱਜੇ 48 ਹਜ਼ਾਰ ਟਨ ਕੋਲੇ ਦੀ ਚੌਵੀ ਘੰਟਿਆਂ ’ਚ ਖਪਤ ਵੀ ਹੋ ਗਈ। ਸੂਬੇ ਵਿਚਲੇ ਸਮੂਹ ਪੰਜ ਥਰਮਲ ਪਲਾਂਟਾਂ ਨੂੰ ਪੂਰੀ ਸਮਰੱਥਾ ਵਿੱਚ ਚਲਾਉਣ ਲਈ ਰੋਜ਼ਾਨਾ 22 ਰੈਕ (88 ਹਜ਼ਾਰ ਟਨ) ਕੋਲੇ ਦੀ ਲੋੜ ਹੈ ਪਰ ਕੋਲੇ ਦੀ ਲੋੜੀਂਦੀ ਸਪਲਾਈ ਨਾ ਆਉਣ ਕਾਰਨ ਹਾਲਾਤ ਇਸ ਤਰ੍ਹਾਂ ਗੰਭੀਰ ਬਣੇ ਹੋਏ ਹਨ ਕਿ ਦੋ ਦਿਨਾਂ ’ਚ 23 ਰੈਕ ਆਉਣ ਦੇ ਬਾਵਜੂਦ ਇਸ ਵੇਲੇ ਤਿੰਨ ਨਿੱਜੀ ਥਰਮਲਾਂ ਕੋਲ ਦੋ-ਦੋ ਦਿਨ ਜਦਕਿ ਦੋਵੇਂ ਸਰਕਾਰੀ ਥਰਮਲਾਂ ਕੋਲ ਚਾਰ-ਚਾਰ ਦਿਨਾਂ ਦਾ ਕੋਲਾ ਬਾਕੀ ਹੈ। ਉਂਜ ਕੋਲੇ ਦੇ 47 ਰੈਕ ਰਸਤੇ ’ਚ ਹਨ। ਇਨ੍ਹਾਂ ’ਚੋਂ 11 ਰੈਕ ਸੋਮਵਾਰ ਨੂੰ ਲੋਡ ਹੋਏ ਹਨ। ਜੇ ਕੋਈ ਵਿਘਨ ਨਾ ਪਿਆ ਤਾਂ ਕੋਲੇ ਦੀ ਇਸ ਖੇਪ ਦੇ ਤਿੰਨ ਤੋਂ ਸੱਤ ਦਿਨਾਂ ਤੱਕ ਪੰਜਾਬ ਪੁੱਜਣ ਦੀ ਉਮੀਦ ਹੈ ਪਰ ਜੇ ਅਜਿਹਾ ਨਾ ਹੋਇਆ ਤਾਂ ਪੰਜਾਬ ਨੂੰ ਬਿਜਲੀ ਦੇ ਹੋਰ ਵੀ ਗੰਭੀਰ ਸੰਕਟ ਨਾਲ ਜੂਝਣਾ ਪੈ ਸਕਦਾ ਹੈ।
ਏ ਵੇਣੂ ਪ੍ਰਸਾਦ ਨੇ ਕਿਹਾ ਕਿ ਲੋਕ ਬਿਜਲੀ ਦੀ ਘੱਟ ਤੋਂ ਘੱਟ ਵਰਤੋਂ ਕਰਨ ਤਾਂ ਜੋ ਗੰਭੀਰ ਸੰਕਟ ਤੋਂ ਬਚਿਆ ਜਾ ਸਕੇ। ਭਾਵੇਂ ਕਿ ਬਿਜਲੀ ਕੱਟਾਂ ਦੀ ਹਾਲੇ ਸ਼ੁਰੂਆਤ ਹੀ ਹੈ ਪਰ ਅੱਜ ਦੇ ਬਿਜਲੀ ਕੱਟਾਂ ਕਾਰਨ ਲੋਕ ਤਰਾਹ ਤਰਾਹ ਕਰ ਉਠੇ। ਕੁਦਰਤੀ ਹੀ ਮੌਸਮ ’ਚ ਠੰਢਕ ਆ ਜਾਣ ਕਾਰਨ ਏਸੀ ਦੀ ਵਰਤੋਂ ਘੱਟ ਗਈ ਹੈ। ਉਧਰ ਝੋਨੇ ਲਈ ਵੀ ਬਿਜਲੀ ਦੀ ਮੰਗ ਘਟੀ ਹੈ। ਜੇ ਅਜਿਹਾ ਨਾ ਹੋਇਆ ਹੁੰਦਾ ਤਾਂ ਹੁਣ ਤੱਕ ਤਾਂ ਥਰਮਲਾਂ ਦੀਆਂ ਚਿਮਨੀਆਂ ਠੰਢੀਆਂ ਹੋ ਜਾਣੀਆਂ ਸਨ।