ਪੱਤਰ ਪ੍ਰੇਰਕ
ਮੋਰਿੰਡਾ, 20 ਜੂਨ
ਪੰਜਾਬ ਦੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਸਹਿਕਾਰੀ ਖੰਡ ਮਿੱਲ ਮੋਰਿੰਡਾ ਵਿੱਚ ਇੰਡੀਅਨ ਆਇਲ ਵੱਲੋਂ ਲਗਾਏ ਪੈਟਰੋਲ ਪੰਪ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨਾਲ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਜ਼ਿਲ੍ਹਾ ਯੋਜਨਾ ਬੋਰਡ ਮੁਹਾਲੀ ਦੇ ਚੇਅਰਮੈਨ ਵਿਜੇ ਸ਼ਰਮਾ ਟਿੰਕੂ ਵੀ ਮੌਜੂਦ ਸਨ। ਇਸ ਮੌਕੇ ਸਹਿਕਾਰਤਾ ਮੰਤਰੀ ਨੇ ਕਿਹਾ ਕਿ ਇਸ ਪੰਪ ਰਾਹੀਂ ਕਿਸਾਨਾਂ ਨੂੰ ਉਧਾਰ ਡੀਜ਼ਲ ਅਤੇ ਪੈਟਰੋਲ ਦੀ ਸਪਲਾਈ ਕੀਤੀ ਜਾਵੇਗੀ, ਜਿਸ ਦੀ ਅਦਾਇਗੀ ਕਿਸਾਨਾਂ ਤੋਂ ਗੰਨੇ ਦੀ ਫ਼ਸਲ ਰਾਹੀਂ ਕੱਟ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਗੰਨੇ ਦੀ ਬਕਾਇਆ ਰਾਸ਼ੀ ਦੀ ਅਦਾਇਗੀ ਨਵੰਬਰ ਮਹੀਨੇ ਤੀਕ ਕਰ ਦਿੱਤੀ ਜਾਵੇਗੀ, ਜਿਸ ਤਹਿਤ ਸੌ ਕਰੋੜ ਰੁਪਏ ਦੀ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿਚ ਅਉਣ ਵਾਲੇ ਮਹੀਨਿਆਂ ਵਿਚ ਜਮ੍ਹਾਂ ਹੋ ਜਾਵੇਗੀ। ਸ੍ਰੀ ਰੰਧਾਵਾ ਨੇ ਖੰਡ ਮਿੱਲ ਦੇ ਨਵੀਨੀਕਰਨ ਬਾਰੇ ਕਿਹਾ ਕਿ ਮਿੱਲ ਵਿਚ ਲੱਗੇ ਕੋ-ਜੈਨਰੇਟਰ ਪਲਾਂਟ ਦੀ ਨਿਲਾਮੀ ਕਰਕੇ ਜੋ ਫੰਡ ਜਮ੍ਹਾਂ ਹੋਵੇਗਾ, ਉਸ ਨਾਲ ਮਿੱਲ ਦਾ ਨਵੀਨੀਕਰਨ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਮਿੱਲ ਵਿਚ ਲੈਬੋਰਟਰੀ ਖੋਲ੍ਹਣ ਦਾ ਵੀ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇੰਡੀਅਨ ਆਇਲ ਨਾਲ ਪੰਜਾਬ ਵਿੱਚ ਸਹਿਕਾਰੀ ਅਦਾਰੇ ਸ਼ੂਗਰਫੈੱਡ, ਮਿਲਕਫੈਡ ਅਤੇ ਮਾਰਕਫੈੱਡ ਨਾਲ ਮਿੱਲ ਕੇ ਪੈਟਰੋਲ ਪੰਪ ਲਗਾਏ ਜਾ ਰਹੇ ਹਨ ਤੇ ਇਨ੍ਹਾਂ ਪੰਪਾਂ ’ਤੇ ਸਹਿਕਾਰੀਆਂ ਅਦਾਰਿਆਂ ’ਤੇ ਖਾਣ-ਪੀਣ ਦਾ ਸਾਮਾਨ, ਡਿਪਾਰਟਮੈਂਟਲ ਸਟੋਰਾਂ ਰਾਹੀਂ ਮਿਲਕਫੈੱਡ ਤੇ ਮਾਰਕਫੈੱਡ ਦੇ ਉਤਪਾਦ ਵੇਚ ਕੇ ਸਹਿਕਾਰੀ ਵਿਭਾਗ ਨੂੰ ਆਰਥਿਕ ਲਾਭ ਪਹੁੰਚਾਇਆ ਜਾਵੇਗਾ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦਾ ਧੰਨਵਾਦ ਕੀਤਾ।
ਅਕਾਲੀਆਂ ਵੱਲੋਂ ਕਾਲੀਆਂ ਝੰਡੀਆਂ ਲੈ ਕੇ ਵਿਰੋਧ
ਇਸੇ ਦੋਰਾਨ ਸਥਾਨਕ ਕਾਈਨੌਰ ਚੋਕ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਉਦਘਾਟਨ ਕਰਨ ਪਹੁੰਚੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਕਾਲੀਆਂ ਝੰਡੀਆਂ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀ ਲੰਮੇ ਸਮੇ ਤੋਂ ਮੋਰਿੰਡਾ-ਕਾਈਨੌਰ ਸੜਕ ਦੇ ਨਿਰਮਾਣ ਦੀ ਮੰਗ ਕਰ ਰਹੇ ਹਨ।