ਅਜੇ ਮਲਹੋਤਰਾ
ਬਸੀ ਪਠਾਣਾਂ, 14 ਅਗਸਤ
ਸਹਿਕਾਰਤਾ ਤੇ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਬਸੀ ਪਠਾਣਾਂ ਵਿੱਚ ਬਸੀ ਤੋਂ ਸ਼ਹੀਦਗੜ੍ਹ ਹੁੰਦੇ ਹੋਏ ਰਾਏਪੁਰ ਗੁੱਜਰਾਂ ਤੇ ਬਸੀ ਪਠਾਣਾਂ ਤੋਂ ਖਰੜ ਸੜਕ ਦਾ ਉਦਘਾਟਨ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ, ਵਿਧਾਇਕ ਫ਼ਤਹਿਗੜ੍ਹ ਸਾਹਿਬ ਕੁਲਜੀਤ ਸਿੰਘ ਨਾਗਰਾ, ਡੀਸੀ ਸੁਰਭੀ ਮਲਿਕ ਤੇ ਐੱਸਐੱਸਪੀ ਅਮਨੀਤ ਕੌਂਡਲ ਦੀ ਮੌਜੂਦਗੀ ’ਚ ਕੀਤਾ। ਇਸ ਮੌਕੇ ਕੈਬਨਟ ਮੰਤਰੀ ਰੰਧਾਵਾ ਵੱਲੋਂ ਬਸੀ ਪਠਾਣਾਂ ਦੇ ਨਵੇਂ ਬਣਨ ਜਾ ਰਹੇ ਤਹਿਸੀਲ ਕੰਪਲੈਕਸ ਦਾ ਨੀਂਹ ਪੱਥਰ ਵੀ ਰੱਖਿਆ ਗਿਆ, ਜਿਸ ’ਤੇ ਲਗਪਗ 5 ਕਰੋੜ ਰੁਪਏ ਖਰਚ ਕੀਤੇ ਜਾਣਗੇ। ਕੈਬਨਟ ਮੰਤਰੀ ਵੱਲੋਂ ਬਸੀ ਪਠਾਣਾਂ ਸ਼ਹਿਰ ਵਿੱਚ ਕਰੀਬ 29 ਕਰੋੜ ਦੇ ਵਿਕਾਸ ਦੇ ਕੰਮਾਂ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਕੈਬਨਟ ਮੰਤਰੀ ਸਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਸ਼ਹੀਦੀ ਜੋੜ ਸਭਾ ਦੌਰਾਨ ਇਹ ਦੋਹੇ ਸੜਕਾਂ ਸੁਚਾਰੂ ਆਵਾਜਾਈ ਲਈ ਸਹਾਈ ਹੋਣਗੀਆਂ। ਇਸ ਮੌਕੇ ਵਿਧਾਇਕ ਗੁਰਪ੍ਰੀਤ ਸਿੰਘ ਜੀਪੀ ਨੇ ਕਿਹਾ ਕਿ ਲੋਕਾਂ ਨੇ ਨੁਮਾਇੰਦੇ ਦੇ ਰੂਪ ਵਿੱਚ ਜਿਹੜੀ ਜ਼ਿੰਮੇਵਾਰੀ, ਉਨ੍ਹਾਂ ਨੂੰ ਸੌਂਪੀ ਹੈ, ਉਹ ਉਸ ਨੂੰ ਤਨਦੇਹੀ ਨਾਲ ਨਿਭਾਅ ਰਹੇ ਹਨ। ਅਮਲੋਹ ’ਚ ਕਮਿਊਨਿਟੀ ਹੈਲਥ ਸੈਂਟਰ ਨੂੰ ਉਪ ਮੰਡਲ ਹਸਪਤਾਲ ਵਜੋਂ ਕੀਤਾ ਜਾਵੇਗਾ ਅਪਗ੍ਰੇਡ: ਰੰਧਾਵਾ
ਅਮਲੋਹ (ਰਾਮ ਸ਼ਰਨ ਸੂਦ): ਪੰਜਾਬ ਦੇ ਸਹਿਕਾਰਤਾ ਤੇ ਜੇਲ੍ਹਾਂ ਦੇ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੇ ਵਿਧਾਇਕ ਰਣਦੀਪ ਸਿੰਘ ਨੇ ਅੱਜ ਇਥੇ 8 ਕਰੋੜ ਰੁਪਏ ਦੀ ਲਾਗਤ ਨਾਲ ਕਮਿਊਨਿਟੀ ਹੈਲਥ ਸੈਂਟਰ ਅਮਲੋਹ ਨੂੰ 50 ਬੈੱਡਾਂ ਦੇ ਉਪ-ਮੰਡਲ ਹਸਪਤਾਲ ਵਜੋਂ ਅਪਗਰੇਡ ਕਰਨ ਦੇ ਪ੍ਰਾਜੈਕਟ ਦਾ ਨੀਂਹ ਪੱਥਰ ਰੱਖਣ ਮੌਕੇ ਦੱਸਿਆ ਕਿ ਇਸ ਕੰਮ ਲਈ 4 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਲੋਕਾਂ ਨੂੰ ਸਿਹਤ ਸਹੂਲਤਾਂ ਲਈ ਦੂਰ ਨਹੀਂ ਜਾਣਾ ਪਵੇਗਾ।