ਚੰਡੀਗੜ੍ਹ (ਟਨਸ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸੂਬੇ ਭਰ ਵਿਚ ਹੜਤਾਲ ’ਤੇ ਬੈਠੀਆਂ ਨਰਸਾਂ ਦੇ ਸਾਰੇ ਲੰਬਿਤ ਮਸਲਿਆਂ ਸਬੰਧੀ ਅੱਜ ਸਿਹਤ ਤੇ ਮੈਡੀਕਲ ਸਿੱਖਿਆ ਵਿਭਾਗਾਂ ਦੇ ਸੀਨੀਅਰ ਅਧਿਕਾਰੀਆਂ ਨੂੰ 10 ਦਿਨਾਂ ਦੇ ਅੰਦਰ ਸੰਤੁਸ਼ਟੀਜਨਕ ਸਕਾਰਾਤਮਕ ਹੱਲ ਲੱਭਣ ਦੇ ਨਿਰਦੇਸ਼ ਦਿੱਤੇ। ਪੰਜਾਬ ਐਂਡ ਯੂਟੀ ਨਰਸਿੰਗ ਜੁਆਇੰਟ ਐਕਸ਼ਨ ਕਮੇਟੀ ਦੇ ਵਫ਼ਦ ਨੇ ਇੱਥੇ ਮੁੱਖ ਮੰਤਰੀ ਚੰਨੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ ’ਤੇ ਮੁਲਾਕਾਤ ਕੀਤੀ। ਮੰਗਾਂ ਮੰਨਣ ਸਬੰਧੀ ਵਿਚਾਰ ਕਰਨ ਦਾ ਭਰੋਸਾ ਦਿੰਦਿਆਂ ਮੁੱਖ ਮੰਤਰੀ ਚੰਨੀ ਨੇ ਉਨ੍ਹਾਂ ਨੂੰ ਅੰਦੋਲਨ ਦਾ ਰਾਹ ਛੱਡਣ ਦੀ ਅਪੀਲ ਕੀਤੀ। ਨਰਸਾਂ ਦੇ ਵਫ਼ਦ ਵਿਚ ਪਰਮਜੀਤ ਕੌਰ ਸੰਧੂ, ਮਨਜੀਤ ਕੌਰ ਧਾਲੀਵਾਲ, ਸਮਿੰਦਰ ਕੌਰ ਘੁੰਮਣ, ਸਤਵੰਤ ਕੌਰ, ਜਸਵਿੰਦਰ ਕੌਰ ਅਤੇ ਦਵਿੰਦਰ ਸੰਧੂ ਸ਼ਾਮਲ ਸਨ।