ਸ਼ਸ਼ੀ ਪਾਲ ਜੈਨ
ਖਰੜ, 19 ਸਤੰਬਰ
ਇੱਥੋਂ ਨੇੜਲੇ ਪਿੰਡ ਭਜੌਲੀ ਦੇ ਸਾਬਕਾ ਸਰਪੰਚ ਅਤੇ ਖਰੜ ਦੇ ਵਸਨੀਕ ਮਰਹੂਮ ਹਰਸਾ ਸਿੰਘ ਜੇਕਰ ਅੱਜ ਜਿਉਂਦੇ ਹੁੰਦੇ ਤਾਂ ਉਨ੍ਹਾਂ ਦਾ ਖੁਸ਼ੀ ਦਾ ਕੋਈ ਠਿਕਾਣਾ ਨਹੀਂ ਰਹਿਣਾ ਸੀ ਕਿ ਉਨ੍ਹਾਂ ਦਾ ਹੋਣਹਾਰ ਪੁੱਤ ਵੀ ਪੰਜਾਬ ਦਾ ਮੁੱਖ ਮੰਤਰੀ ਬਣ ਗਿਆ। ਹਰਸਾ ਸਿੰਘ ਖਰੜ ਵਿੱਚ ਟੈਂਟ ਦਾ ਕੰਮ ਕਰਦੇ ਸਨ ਅਤੇ ਉਨ੍ਹਾਂ ਦੀ ਦੁਕਾਨ ਜੈਨ ਪਰਿਵਾਰ ਦੀ ਅਖਬਾਰਾਂ ਵਾਲੀ ਦੁਕਾਨ ਦੇ ਸਾਹਮਣੇ ਸੀ। ਮੱਧਵਰਗੀ ਪਰਿਵਾਰ ਨਾਲ ਸਬੰਧ ਰੱਖਣ ਵਾਲੇ ਚਰਨਜੀਤ ਸਿੰਘ ਚੰਨੀ ਖ਼ੁਦ ਵੀ ਟੈਂਟ ਹਾਊਸ ਦਾ ਕੰਮ ਸੰਭਾਲਦੇ ਸਨ। ਚਰਨਜੀਤ ਚੰਨੀ ਹੋਰੀਂ ਚਾਰ ਭਰਾ ਹਨ। ਉਨ੍ਹਾਂ ਦੇ ਵੱਡੇ ਭਰਾ ਮਨਮੋਹਨ ਸਿੰਘ ਚੀਫ਼ ਇੰਜਨੀਅਰ ਰਹੇ ਹਨ ਅਤੇ ਰੋਟਰੀ ਕਲੱਬ ਦੇ ਡਿਸਟ੍ਰਿਕਟ ਗਵਰਨਰ ਰਹਿ ਚੁੱਕੇ ਹਨ। ਮਨਮੋਹਨ ਸਿੰਘ ਤੋਂ ਛੋਟਾ ਚਰਨਜੀਤ ਸਿੰਘ ਖੁਦ ਖਰੜ ਨਗਰ ਕੌਂਸਲ ਦਾ ਪ੍ਰਧਾਨ ਰਹਿ ਚੁੱਕਿਆ ਹੈ। ਚੰਨੀ ਤੋਂ ਛੋਟਾ ਡਾ. ਮਨੋਹਰ ਸਿੰਘ ਸਿਵਲ ਹਸਪਤਾਲ ਖਰੜ ਦਾ ਐੱਸਐੱਮਓ ਹੈ ਅਤੇ ਉਸ ਦਾ ਚੌਥਾ ਭਰਾ ਪੁੱਤਰ ਸੁਖਵੰਤ ਸਿੰਘ ਸੁੱਖਾ ਵੀ ਖਰੜ ਨਗਰ ਕੌਂਸਲ ਦਾ ਪ੍ਰਧਾਨ ਰਹਿ ਚੁੱਕਿਆ ਹੈ। ਚਰਨਜੀਤ ਦਾ ਸਿਆਸੀ ਜੀਵਨ ਕਰੀਬ ਇੱਕ ਦਹਾਕਾ ਪਹਿਲਾਂ ਖਰੜ ਬੱਸ ਸਟੈਂਡ ਤੋਂ ਵਿਦਿਆਰਥੀਆਂ ਦੇ ਪ੍ਰਦਰਸ਼ਨ ਤੋਂ ਸ਼ੁਰੂ ਹੋਇਆ। ਇਸ ਮਗਰੋਂ ਉਹ ਖਰੜ ਨਗਰ ਕੌਂਸਲ ਦਾ ਮੈਂਬਰ ਬਣਿਆ ਅਤੇ ਫਿਰ ਪ੍ਰਧਾਨ। ਅੱਜ ਮੁੱਖ ਮੰਤਰੀ ਐਲਾਨੇ ਜਾਣ ਮਗਰੋਂ ਚਰਨਜੀਤ ਸਿੰਘ ਚੰਨੀ ਦੇ ਘਰ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਰਿਹਾ। ਚੰਨੀ ਦੇ ਪਰਿਵਾਰਕ ਮੈਂਬਰ ਤੁਰੰਤ ਉਸ ਨੂੰ ਵਧਾਈ ਦੇਣ ਲਈ ਚੰਡੀਗੜ੍ਹ ਚਲੇ ਗਏ। ਇਹ ਪਹਿਲੀ ਵਾਰੀ ਹੋਇਆ ਹੈ ਕਿ ਖਰੜ ਦਾ ਵਸਨੀਕ ਪੰਜਾਬ ਦਾ ਮੁੱਖ ਮੰਤਰੀ ਬਣਿਆ ਹੈ।
ਖੁਸ਼ੀ ਵਿੱਚ ਖੀਵਾ ਹੋਇਆ ਚੰਨੀ ਦਾ ਪਰਿਵਾਰ
ਚੰਡੀਗੜ੍ਹ (ਟਨਸ): ਚਰਨਜੀਤ ਚੰਨੀ ਦੇ ਵੱਡੇ ਭਰਾ ਨੇ ਅੱਜ ਐਲਾਨ ਮਗਰੋਂ ਆਖਿਆ ਕਿ ਉਨ੍ਹਾਂ ਦੇ ਪਰਿਵਾਰ ਦੀ ਅਰਦਾਸ ਅੱਜ ਪੂਰੀ ਹੋ ਗਈ ਹੈ। ਉਨ੍ਹਾਂ ਕਿਹਾ ਕਿ ਚੰਨੀ ਪੰਜਾਬ ਨੂੰ ਸੰਭਾਲਣਗੇ, ਜਦੋਂ ਕਿ ਉਹ ਵੱਡੇ ਭਰਾ ਹੋੋਣ ਦੇ ਨਾਤੇ ਪਰਿਵਾਰ ਨੂੰ ਦੇਖਣਗੇ। ਨਵੇਂ ਮੁੱਖ ਮੰਤਰੀ ਦੀ ਪਤਨੀ ਕਮਲਜੀਤ ਕੌਰ ਨੇ ਨਵੇਂ ਅਹੁਦੇ ’ਤੇ ਖੁਸ਼ੀ ਜ਼ਾਹਿਰ ਕਰਦਿਆਂ ਪੰਜਾਬ ਦੇ ਲੋਕਾਂ ਦਾ ਧੰਨਵਾਦ ਕੀਤਾ, ਜਦੋਂ ਕਿ ਚੰਨੀ ਦੀ ਭੈਣ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕੀਤਾ।