ਮਹਿੰਦਰ ਸਿੰਘ ਰੱਤੀਆਂ
ਮੋਗਾ, 16 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨੌਂ ਹਾਨੀਕਾਰਕ ਕੀਟਨਾਸ਼ਕਾਂ ਦੀ ਵਿਕਰੀ ’ਤੇ 60 ਦਿਨ ਲਈ ਪਾਬੰਦੀ ਦੀ ਮਨਜ਼ੂਰੀ ਉਪਰੰਤ ਸੂਬੇ ਦੇ ਵਧੀਕ ਮੁੱਖ ਸਕੱਤਰ (ਵਿਕਾਸ) ਅਨੁਰਿਧ ਤਿਵਾੜੀ ਨੇ ਇਨ੍ਹਾਂ ਜ਼ਹਿਰਾਂ ਉੱਤੇ ਪਾਬੰਦੀ ਲਈ 14 ਅਗਸਤ ਨੂੰ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।
ਸੂਬੇ ਦੇ ਖੇਤੀ ਸਕੱਤਰ ਡਾ. ਕਾਹਨ ਸਿੰਘ ਪੰਨੂ ਨੇ ਦੱਸਿਆ ਸਰਕਾਰੀ ਲੈਬਾਰਟਰੀਆਂ ਤੋਂ ਨਮੂਨੇ ਚੈੱਕ ਕਰਵਾਉਣ ਮਗਰੋਂ ਝੋਨਾ ਤੇ ਬਾਸਮਤੀ ਦੀ ਫ਼ਸਲ ਦੀ ਗੁਣਵੱਤਾ ਬਚਾਉਣ ਅਤੇ ਬਾਸਮਤੀ ਦੀ ਬਰਾਮਦ ਨੂੰ ਹੁਲਾਰਾ ਦੇਣ ਲਈ ਸਰਕਾਰ ਨੇ ਇਹ ਫ਼ੈਸਲਾ ਲਿਆ ਹੈ।
ਊਨ੍ਹਾਂ ਕਿਹਾ ਕਿ ਨੁਕਸਾਨਦੇਹ ਹੋਣ ਦੇ ਬਾਵਜੂਦ ਇਨ੍ਹਾਂ ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਕੀਤੀ ਜਾ ਰਹੀ ਹੈ। ਜਿਹੜੇ ਨੌਂ ਖੇਤੀ ਰਸਾਇਣਾਂ ’ਤੇ ਪਾਬੰਦੀ ਲਗਾਈ ਗਈ ਹੈ ਉਨ੍ਹਾਂ ਵਿੱਚ ਥਾਇਆਮੈਥੌਕਸਮ, ਕਾਰਬੈਂਡਾਜ਼ਿਮ, ਟਰਾਈਸਾਈਕਲਾਜ਼ੋਲ, ਬੁਪਰੋਫੀਜ਼ਨ, ਕਾਰਬੋਫਿਊਰਾਨ, ਪ੍ਰੋਪੀਕੋਨਾਜ਼ਲੋ ਐਸੀਫੇਟ, ਟਰਾਈਜ਼ੋਫੋਸ ਅਤੇ ਥਾਇਓਫਿਨੇਟ ਮਿਥਾਈਲ ਸ਼ਾਮਲ ਹਨ। ਖੇਤੀ ਸਕੱਤਰ ਨੇ ਦੱਸਿਆ ਕਿ ਇਨ੍ਹਾਂ 9 ਜ਼ਹਿਰਾਂ ਦੀ ਵਿਕਰੀ ਤੇ ਵਰਤੋਂ ਸਬੰਧੀ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਸ੍ਰੀ ਪੰਨੂ ਨੇ ਕਿਹਾ ਕਿ ਇਨ੍ਹਾਂ ਜ਼ਹਿਰਾਂ ਦੀ ਵਰਤੋਂ ਨਾਲ ਚੌਲਾਂ ਵਿੱਚ ਕੀਟਨਾਸ਼ਕਾਂ ਦੇ ਅੰਸ਼ ਸਰਕਾਰ ਵੱਲੋਂ ਤੈਅ ਕੀਤੇ ਵੱਧ ਤੋਂ ਵੱਧ ਅੰਸ਼ ਦੇ ਪੱਧਰ ਤੋਂ ਜ਼ਿਆਦਾ ਰਹਿਣ ਦਾ ਖ਼ਤਰਾ ਰਹਿੰਦਾ ਹੈ।