ਟ੍ਰਿਬਿਊਨ ਿਨਊਜ਼ ਸਰਵਿਸ
ਚੰਡੀਗੜ੍ਹ, 24 ਅਗਸਤ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਸਾਨ ਧਿਰਾਂ ਨਾਲ ਮੀਟਿੰਗ ਦੌਰਾਨ ਸਾਲ 2021-22 ਲਈ ਗੰਨੇ ਦੇ ਪਿੜਾਈ ਸੀਜ਼ਨ ਲਈ ਸੂਬੇ ਵਿਚ ਗੰਨੇ ਦਾ ਭਾਅ 360 ਰੁਪਏ ਪ੍ਰਤੀ ਕੁਇੰਟਲ ਐਲਾਨ ਦਿੱਤਾ ਹੈ, ਜਿਸ ਮਗਰੋਂ ਕਿਸਾਨ ਆਗੂਆਂ ਨੇ ਜਲੰਧਰ ਵਿਚ 20 ਅਗਸਤ ਤੋਂ ਚੱਲ ਰਿਹਾ ਸੰਘਰਸ਼ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ। ਪੰਜ ਦਿਨਾਂ ਦੇ ਕਿਸਾਨ ਸੰਘਰਸ਼ ਨੇ ਪੰਜਾਬ ਸਰਕਾਰ ’ਤੇ ਦਬਾਅ ਲਈ ਜ਼ਮੀਨ ਤਿਆਰ ਕੀਤੀ, ਜਿਸ ਕਰਕੇ ਮੁੱਖ ਮੰਤਰੀ ਨੇ ਅੱਜ ਮੀਟਿੰਗ ਬੁਲਾ ਕੇ ਗੰਨੇ ਦੇ ਭਾਅ ਵਿੱਚ ਗੁਆਂਢੀ ਸੂਬੇ ਹਰਿਆਣਾ ਨਾਲੋਂ ਵੀ ਦੋ ਰੁਪਏ ਵੱਧ ਭਾਅ ਦੇ ਦਿੱਤਾ ਹੈ।
ਅਮਰਿੰਦਰ ਸਿੰਘ ਨੇ ਚਾਰ ਵਰ੍ਹਿਆਂ ਮਗਰੋਂ ਗੰਨੇ ਦੇ ਭਾਅ ਵਿੱਚ ਚੰਗਾ ਵਾਧਾ ਕਰਕੇ ਗੰਨਾ ਕਾਸ਼ਤਕਾਰਾਂ ਨੂੰ ਖ਼ੁਸ਼ ਕਰ ਦਿੱਤਾ ਹੈ ਪਰ ਦੂਸਰੀ ਤਰਫ਼ ਖੰਡ ਮਿੱਲ ਮਾਲਕ ਅੰਦਰੋਂ-ਅੰਦਰੀਂ ਇਸ ਸਰਕਾਰੀ ਫ਼ੈਸਲੇ ਤੋਂ ਔਖੇ ਹਨ। ਮੁੱਖ ਮੰਤਰੀ ਨੇ ਅੱਜ ਬਾਅਦ ਦੁਪਹਿਰ ਇੱਥੇ ਕਿਸਾਨ ਯੂਨੀਅਨਾਂ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜਿਸ ’ਚ ਗੰਨੇ ਦੇ ਭਾਅ ’ਚ ਵਾਧੇ ਬਾਰੇ ਸਹਿਮਤੀ ਬਣੀ। ਮੁੱਖ ਮੰਤਰੀ ਨੇ ਪਿਛਲੇ ਵਰ੍ਹਿਆਂ ਦੌਰਾਨ ਭਾਅ ਨਾ ਵਧਾਏ ਜਾਣ ਪਿੱਛੇ ਸੂਬੇ ਦੀ ਵਿੱਤੀ ਹਾਲਤ ਦਾ ਹਵਾਲਾ ਦਿੱਤਾ। ਦੋਆਬਾ ਕਿਸਾਨ ਯੂਨੀਅਨ ਦੇ ਪ੍ਰਧਾਨ ਮਨਜੀਤ ਸਿੰਘ ਰਾਏ ਨੇ ਕਿਹਾ ਕਿ ਭਾਅ ਵਿਚ ਵਾਧੇ ਤੋਂ ਉਹ ਖ਼ੁਸ਼ ਹਨ ਅਤੇ ਅੱਜ ਹੀ ਜਲੰਧਰ ਵਿਚਲਾ ਧਰਨਾ ਚੁਕਵਾ ਰਹੇ ਹਨ। ਮੀਟਿੰਗ ਵਿਚ ਸੰਯੁਕਤ ਕਿਸਾਨ ਮੋਰਚਾ ਦੇ ਨੁਮਾਇੰਦਿਆਂ ਵਿਚੋਂ ਰਾਜੇਵਾਲ ਤੋਂ ਇਲਾਵਾ ਕੁਲਵੰਤ ਸਿੰਘ ਸੰਧੂ, ਹਰਮੀਤ ਕਾਦੀਆਂ, ਜੰਗਵੀਰ ਸਿੰਘ ਚੌਹਾਨ, ਹਰਿੰਦਰ ਸਿੰਘ ਲੱਖੋਵਾਲ, ਮੁਕੇਸ਼ ਚੰਦਰ, ਕੁਲਦੀਪ ਸਿੰਘ ਵਜੀਦਪੁਰ, ਬਲਦੇਵ ਸਿੰਘ ਸਿਰਸਾ, ਬਲਦੇਵ ਸਿੰਘ ਦੱਪਰ ਤੇ ਬਲਵਿੰਦਰ ਸਿੰਘ ਔਲਖ ਹਾਜ਼ਰ ਸਨ।
ਕਿਸਾਨ ਯੂਨੀਅਨ ਆਗੂਆਂ ਨੇ ਮੀਟਿੰਗ ਵਿੱਚ ਕਿਹਾ ਕਿ ਗੰਨੇ ਦੇ ਭਾਅ ਵਿਚ ਹਰਿਆਣਾ ਵਾਂਗ ਵਾਧਾ ਨਾ ਹੋਣ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਵਿੱਤੀ ਨੁਕਸਾਨ ਹੋਇਆ ਹੈ। ਮੁੱਖ ਮੰਤਰੀ ਨੇ ਸਪੱਸ਼ਟ ਕਰਦਿਆਂ ਕਿਹਾ ਕਿ ਮੌਜੂਦਾ ਆਰਥਿਕ ਹਾਲਾਤ ਦੇ ਮੱਦੇਨਜ਼ਰ ਸਹਿਕਾਰੀ ਤੇ ਪ੍ਰਾਈਵੇਟ ਖੰਡ ਮਿੱਲਾਂ ਨਾਲ ਜੁੜੇ ਕਿਸਾਨਾਂ ਦੀਆਂ ਲੋੜਾਂ ਦਾ ਸੰਤੁਲਨ ਬਣਾਉਣਾ ਬਹੁਤ ਔਖਾ ਹੈ। ਖੰਡ ਮਿੱਲ ਮਾਲਕ ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਗੰਨੇ ਦਾ ਭਾਅ ਵਧਾਉਣ ਲਈ ਕਿਸਾਨਾਂ ਦੀ ਮੰਗ ਦੀ ਹਮਾਇਤ ਕੀਤੀ। ਗੰਨੇ ਦੇ ਭਾਅ ਦੇ ਐਲਾਨ ਮਗਰੋਂ ਕਿਸਾਨ ਆਗੂਆਂ ਨੇ ਮੁੱਖ ਮੰਤਰੀ ਅਮਰਿੰਦਰ ਸਿੰਘ ਦਾ ਮੂੰਹ ਮਿੱਠਾ ਕਰਵਾਇਆ। ਮੀਟਿੰਗ ਵਿਚ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ, ਸੰਸਦ ਮੈਂਬਰ ਪਰਨੀਤ ਕੌਰ ਤੇ ਪ੍ਰਤਾਪ ਸਿੰਘ ਬਾਜਵਾ, ਡਾ. ਰਾਜ ਕੁਮਾਰ ਵੇਰਕਾ, ਫਤਹਿਜੰਗ ਸਿੰਘ ਬਾਜਵਾ, ਨਵਤੇਜ ਸਿੰਘ ਚੀਮਾ ਤੇ ਸੁਸ਼ੀਲ ਕੁਮਾਰ ਰਿੰਕੂ, ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ, ਸ਼ੂਗਰਫੈਡ ਦੇ ਚੇਅਰਮੈਨ ਅਮਰੀਕ ਸਿੰਘ ਆਲੀਵਾਲ, ਵਧੀਕ ਮੁੱਖ ਸਕੱਤਰ ਵਿਕਾਸ ਅਨਿਰੁਧ ਤਿਵਾੜੀ, ਵਿੱਤ ਕਮਿਸ਼ਨਰ ਸਹਿਕਾਰਤਾ ਕੇ ਸ਼ਿਵਾ ਪ੍ਰਸਾਦ, ਮੁੱਖ ਮੰਤਰੀ ਦੇ ਪ੍ਰਮੁੱਖ ਸਕੱਤਰ ਤੇਜਵੀਰ ਸਿੰਘ, ਖੇਤੀਬਾੜੀ ਕਮਿਸ਼ਨਰ ਬਲਵਿੰਦਰ ਸਿੰਘ ਸਿੱਧੂ ਤੇ ਕੇਨ ਕਮਿਸ਼ਨਰ ਗੁਰਵਿੰਦਰ ਸਿੰਘ ਵੀ ਹਾਜ਼ਰ ਸਨ।
ਦੇਹਰਾਦੂਨ ’ਚ ਅੱਜ ਦੀ ਮੀਟਿੰਗ ਰੱਦ
ਸੂਤਰਾਂ ਅਨੁਸਾਰ ਹਾਈਕਮਾਨ ਨੂੰ ਮਿਲਣ ਤੋਂ ਪਹਿਲਾਂ ਵਜ਼ੀਰਾਂ ਦੇ ਵਫ਼ਦ ਨੇ ਦੇਹਰਾਦੂਨ ’ਚ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਬੁੱਧਵਾਰ 25 ਅਗਸਤ ਨੂੰ ਮੁਲਕਾਤ ਕਰਨੀ ਸੀ, ਜੋ ਰੱਦ ਕਰ ਦਿੱਤੀ ਗਈ ਹੈ। ਹਾਈਕਮਾਨ ਅਗਲੇ ਇੱਕ ਦੋ ਦਿਨਾਂ ’ਚ ਵਫ਼ਦ ਨਾਲ ਦਿੱਲੀ ’ਚ ਮੁਲਾਕਾਤ ਕਰੇਗੀ।
ਖੰਡ ਮਿੱਲ ਮਾਲਕ ਪੰਜਾਬ ਸਰਕਾਰ ਦੇ ਫੈਸਲੇ ਤੋਂ ਿਨਰਾਸ਼
ਪੰਜਾਬ ਸਰਕਾਰ ਨੇ ਭਾਵੇਂ ਗੰਨਾ ਕਾਸ਼ਤਕਾਰਾਂ ਨੂੰ ਖ਼ੁਸ਼ ਕਰ ਦਿੱਤਾ ਹੈ ਪਰ ਦੂਸਰੀ ਤਰਫ਼ ਖੰਡ ਮਿੱਲ ਮਾਲਕ ਅੰਦਰੋਂ-ਅੰਦਰੀਂ ਇਸ ਸਰਕਾਰੀ ਫ਼ੈਸਲੇ ਤੋਂ ਔਖੇ ਦਿਸ ਰਹੇ ਹਨ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਪ੍ਰਾਈਵੇਟ ਖੰਡ ਮਾਲਕ ਸਰਕਾਰ ਦੇ ਇਸ ਫ਼ੈਸਲੇ ਤੋਂ ਨਾਖ਼ੁਸ਼ ਹਨ ਅਤੇ ਆਖ ਰਹੇ ਹਨ ਕਿ ਇਸ ਭਾਅ ’ਚ ਉਨ੍ਹਾਂ ਨੂੰ ਮਿੱਲਾਂ ਚਲਾਉਣਾ ਵਾਰਾ ਨਹੀਂ ਖਾਂਦਾ ਹੈ। ਉਹ ਮੰਗ ਕਰ ਰਹੇ ਹਨ ਕਿ ਦੂਸਰੇ ਰਾਜਾਂ ਵਾਂਗ ਪੰਜਾਬ ਸਰਕਾਰ ਸਬਸਿਡੀ ਦੇਵੇ।