ਨਿੱਜੀ ਪੱਤਰ ਪ੍ਰੇਰਕ
ਜਲੰਧਰ, 24 ਅਪਰੈਲ
ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਬੰਦ ਕਮਰਾ ਮੀਟਿੰਗ ਕੀਤੀ। ਹਲਕਾ ਸ਼ਾਹਕੋਟ ਜਿਹੜਾ ਕਿ ਲੋਕ ਸਭਾ ਹਲਕੇ ਦਾ ਹਿੱਸਾ ਹੈ। ਇਸ ਹਲਕੇ ਤੋਂ ਭਾਵੇਂ ਕਾਂਗਰਸ ਦੇ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਦੂਜੀ ਵਾਰ ਵਿਧਾਇਕ ਬਣੇ ਹਨ ਪਰ ਇਸ ਹਲਕੇ ਦਾ ਖਾਸਾ ਪੰਥਕ ਦੱਸਿਆ ਜਾ ਰਿਹਾ ਹੈ। ਇਸ ਹਲਕੇ ਵਿੱਚ ਸੰਤ ਸੀਚੇਵਾਲ ਦਾ ਪ੍ਰਭਾਵ ਬਿਨਾਂ ਰਾਜਸੀ ਸਰਗਮੀਆਂ ਤੋਂ ਕਿਤੇ ਵੱਧ ਹੈ। ਟੀਨੂੰ ਸ਼ਾਹਕੋਟ ਵਿੱਚ ‘ਆਪ’ ਦੀ ਉਸੇ ਤਰ੍ਹਾਂ ਦੀ ਕਾਰਗੁਜ਼ਾਰੀ ਦੇਖਣਾ ਚਾਹੁੰਦੇ ਹਨ ਜਿਸ ਕਾਰਨ ਸ਼ੁਸ਼ੀਲ ਰਿੰਕੂ ਦੀ ਜਿੱਤ ਹੋਈ ਸੀ। ਟੀਨੂ ਨੇ ਸੰਤ ਸੀਚੇਵਾਲ ਨਾਲ ਅੱਧਾ ਘੰਟਾ ਬੰਦ ਕਮਰਾ ਮੀਟਿੰਗ ਕੀਤੀ। ਮੀਟਿੰਗ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਹੈ। ਹਾਲਾਂਕਿ ਸੰਤ ਸੀਚੇਵਾਲ ਨੇ ਕਿਸੇ ਵੀ ਰਾਜਸੀ ਪਾਰਟੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਜਾਂ ਵੋਟਾਂ ਮੰਗਣ ਤੋਂ ਸਾਫ਼ ਇਨਕਾਰ ਪਹਿਲਾਂ ਹੀ ਕੀਤਾ ਹੋਇਆ ਹੈ।