ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 3 ਮਈ
ਪੰਜਾਬ ਭਰ ਵਿੱਚ ਕਣਕ ਦੀ ਆਮਦ ਘਟਣ ਮਗਰੋਂ ਖੁਰਾਕ, ਸਿਵਲ ਸਪਲਾਈ ਅਤੇ ਖਪਤਕਾਰ ਮਾਮਲੇ ਵਿਭਾਗ ਨੇ ਸੂਬੇ ਭਰ ਦੀਆਂ ਮੰਡੀਆਂ ਵਿੱਚੋਂ ਕਣਕ ਦੀ ਖਰੀਦ ਮੁਕੰਮਲ ਕਰਨ ਦਾ ਫੈਸਲਾ ਕੀਤਾ ਹੈ। ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਕਿ ਸੂਬੇ ਵਿੱਚ ਮੰਡੀਆਂ ਨੂੰ 5 ਮਈ ਤੋਂ ਪੜਾਅਵਾਰ ਢੰਗ ਨਾਲ ਬੰਦ ਕਰਨ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸ ਸਬੰਧੀ ਨੋਟੀਫਿਕੇਸ਼ਨ ਮੰਡੀ ਬੋਰਡ ਵੱਲੋਂ ਜਾਰੀ ਕੀਤਾ ਜਾਵੇਗਾ। ਉਧਰ ਕੇਂਦਰ ਸਰਕਾਰ ਨੇ ਖ਼ਰਾਬ ਤੇ ਸੁੰਗੜੀ ਹੋਈ ਕਣਕ ਦੇ ਮੁੜ ਸੈਂਪਲ ਲੈਣ ਦਾ ਫੈਸਲਾ ਕੀਤਾ ਹੈ। ਸੂਬੇ ਦੇ ਖੁਰਾਕ ਤੇ ਸਪਲਾਈ ਵਿਭਾਗ ਨੂੰ ਕਣਕ ਦਾ ਝਾੜ ਘਟਣ ਨਾਲ ਵੱਡਾ ਝਟਕਾ ਲੱਗਾ ਹੈ। ਵਿਭਾਗ ਨੂੰ 132 ਲੱਖ ਮੀਟਰਿਕ ਟਨ ਕਣਕ ਮੰਡੀਆਂ ’ਚ ਆਉਣ ਦੀ ਉਮੀਦ ਸੀ ਤੇ ਐਤਕੀਂ ਇਹ ਅੰਕੜਾ 1 ਲੱਖ ਤੋਂ ਹੇਠਾਂ ਹੀ ਰਹਿਣ ਦਾ ਅਨੁਮਾਨ ਹੈ। ਰਾਜ ਸਰਕਾਰ ਵੱਲੋਂ ਇਸ ਕਣਕ ਦੀ ਖ਼ਰੀਦ ਆਪਣੇ ਪੱਧਰ ’ਤੇ ਕੀਤੀ ਜਾ ਰਹੀ ਹੈ ਤੇ ਸਰਕਾਰ ਨੂੰ ਕੇਂਦਰ ਤੋਂ ਰਾਹਤ ਦੀ ਉਮੀਦ ਹੈ। ਮੰਤਰੀ ਨੇ ਕਣਕ ਦੀ ਖਰੀਦ ਨੂੰ ਲੈ ਕੇ ਚੱਲੀ ਕਵਾਇਦ ਵਿੱਚ ਸ਼ਾਮਲ ਕਿਸਾਨਾਂ, ਆੜ੍ਹਤੀਆਂ, ਮੰਡੀ ’ਚ ਕੰਮ ਕਰਨ ਵਾਲੇ ਕਾਮਿਆਂ, ਟਰਾਂਸਪੋਰਟਰਾਂ ਤੇ ਸਰਕਾਰੀ ਅਧਿਕਾਰੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਖਰੀਦ ਦੀ ਰਫ਼ਤਾਰ ਅਤੇ ਕਿਸਾਨਾਂ ਦੇ ਬੈਂਕ ਖਾਤਿਆਂ ਵਿੱਚ ਘੱਟੋ-ਘੱਟ ਸਮਰਥਨ ਮੁੱਲ ਦੇ ਬਕਾਏ ਤੇਜ਼ੀ ਨਾਲ ਪਾਉਣ ’ਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਖਰਾਬ ਮੌਸਮ ਕਾਰਨ ਸੂਬੇ ਦੇ ਬਹੁਤੇ ਹਿੱਸਿਆਂ ਵਿੱਚ ਅਨਾਜ ਸੁੰਗੜ ਗਿਆ ਸੀ। ਆਲਮੀ ਪੱਧਰ ’ਤੇ ਕਣਕ ਦੀਆਂ ਕੀਮਤਾਂ ਵਿੱਚ ਵਾਧੇ ਤੋਂ ਬਾਅਦ, ਜ਼ਿਆਦਾਤਰ ਰਾਜਾਂ ਵਿੱਚ ਕਣਕ ਦੀ ਸਰਕਾਰੀ ਖਰੀਦ ਵਿੱਚ ਭਾਰੀ ਗਿਰਾਵਟ ਆਈ, ਪਰ ਪੰਜਾਬ ਨੇ ਕੇਂਦਰੀ ਪੂਲ ਵਿੱਚ ਸਭ ਤੋਂ ਵੱਧ ਕਣਕ ਦਾ ਯੋਗਦਾਨ ਪਾਉਣ ਵਿੱਚ ਦੇਸ਼ ਦੀ ਮੁੜ ਅਗਵਾਈ ਕੀਤੀ। ਉਨ੍ਹਾਂ ਕਿਹਾ ਕਿ ਸੂਬੇ ਨੇ ਹੁਣ ਤੱਕ 93 ਲੱਖ ਟਨ ਤੋਂ ਵੱਧ ਕਣਕ ਦੀ ਖਰੀਦ ਕਰ ਲਈ ਹੈ।
ਸੁੰਗੜੇ ਦਾਣਿਆਂ ਸਬੰਧੀ ਨਿਯਮਾਂ ਵਿੱਚ ਢਿੱਲ ਦੇਣ ਵਿੱਚ ਦੇਰੀ ਸਬੰਧੀ ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਮੰਡੀਆਂ ਵਿੱਚੋਂ ਨਮੂਨੇ ਲੈਣ ਲਈ ਅਧਿਕਾਰੀਆਂ ਦਾ ਦੂਜਾ ਸਮੂਹ ਭੇਜਣ ਦਾ ਫੈਸਲਾ ਕੀਤਾ ਹੈ ਤਾਂ ਜੋ ਦਾਣਿਆਂ ਦੇ ਸੁੰਗੜਣ ਦੀ ਸਮੱਸਿਆ ਦਾ ਡੂੰਘਾਈ ਨਾਲ ਪਤਾ ਲਗਾਇਆ ਜਾ ਸਕੇ। ਉਨ੍ਹਾਂ ਕੇਂਦਰੀ ਅਧਿਕਾਰੀਆਂ ਨੂੰ ਰਾਜ ਸਰਕਾਰ ਵੱਲੋਂ ਪੂਰਨ ਸਹਿਯੋਗ ਦਾ ਭਰੋਸਾ ਦਿੱਤਾ।
ਸਾਰੇ ਵਰਗਾਂ ਨੂੰ 9200 ਕਰੋੜ ਤੋਂ ਵੱਧ ਦਾ ਲੱਗ ਸਕਦਾ ਹੈ ਵਿੱਤੀ ਝਟਕਾ
ਪੰਜਾਬ ਵਿੱਚ ਐਤਕੀਂ ਕਣਕ ਦਾ ਝਾੜ ਘਟਣ ਨਾਲ ਸਾਰੇ ਵਰਗਾਂ ਨੂੰ ਵੱਡਾ ਵਿੱਤੀ ਘਾਟਾ ਝੱਲਣਾ ਪਵੇਗਾ। ਮਾਹਿਰਾਂ ਮੁਤਾਬਕ ਹੁਣ ਤੱਕ ਦੀਆਂ ਰਿਪੋਰਟਾਂ ’ਤੇ ਸਰਸਰੀ ਨਜ਼ਰ ਮਾਰੀ ਜਾਵੇ ਤਾਂ ਇਸ ਵਾਰ ਦੀ ਕੁਦਰਤੀ ਕਰੋਪੀ ਨੇ ਕਿਸਾਨਾਂ ਦੀ ਜੇਬ ਵਿੱਚੋਂ ਅੰਦਾਜ਼ਨ 9200 ਕਰੋੜ ਰੁਪਏ ਦੇ ਕਰੀਬ ਨਿਗਲ ਲਏ ਹਨ। ਇਸ ਕਰੋਪੀ ਦਾ ਸਰਕਾਰ ਨੂੰ ਵੀ ਘਾਟਾ ਪਿਆ। ਪੰਜਾਬ ਦੇ ਖਜ਼ਾਨੇ ਵਿੱਚ ਮਾਰਕੀਟ ਫੀਸ ਅਤੇ ਪੇਂਡੂ ਵਿਕਾਸ ਫੰਡ ਦਾ ਵੀ 54 ਤੋਂ ਵੱਧ ਕਰੋੜ ਦਾ ਨੁਕਸਾਨ ਹੋ ਗਿਆ। ਇਸੇ ਤਰ੍ਹਾਂ 22 ਕਰੋੜ ਤੋਂ ਵੱਧ ਆੜ੍ਹਤੀਆਂ ਦੇ ਵੀ ਗਏ। ਇਸ ਸਾਰੇ ਦੀ ਸਮੀਖਿਆ ਕਰਨ ’ਤੇ ਇਹੀ ਨਿਚੋੜ ਨਿੱਕਲਦਾ ਹੈ ਕਿ ਪੰਜਾਬ ਦੇ ਬਾਜ਼ਾਰ ਵਿੱਚੋਂ 9200 ਕਰੋੜ ਦੇ ਕਰੀਬ ਗਾਇਬ ਹੋ ਗਏ।