ਗੁਰਨੇਕ ਸਿੰਘ ਵਿਰਦੀ
ਕਰਤਾਰਪੁਰ, 5 ਜਨਵਰੀ
ਕਿਰਤੀ ਕਿਸਾਨ ਯੂਨੀਅਨ ਅਤੇ ਪੇਂਡੂ ਮਜ਼ਦੂਰ ਯੂਨੀਅਨ ਨੇ ਅੱਜ ਕਰਤਾਰਪੁਰ ਵਿੱਚ ਪਤੰਜਲੀ ਵਸਤਾਂ ਦੀਆਂ ਦੁਕਾਨਾਂ ਅਤੇ ਗੁਦਾਮ ਬੰਦ ਕਰਵਾਏ।
ਧਰਨੇ ਦੌਰਾਨ ਜਥੇਬੰਦੀਆਂ ਨੇ ਐਲਾਨ ਕੀਤਾ ਕਿ ਜਿੰਨੀ ਦੇਰ ਤਕ ਖੇਤੀ ਕਾਨੂੰਨ ਤੇ ਬਾਕੀ ਕਿਸਾਨੀ ਮੰਗਾਂ ਕੇਂਦਰ ਸਰਕਾਰ ਵੱਲੋਂ ਨਹੀਂ ਮੰਨੀਆਂ ਜਾਂਦੀਆਂ ਉਸ ਵਕਤ ਤਕ ਪਤੰਜਲੀ ਦੇ ਗੁਦਾਮ ਨੂੰ ਬੰਦ ਰੱਖਿਆ ਜਾਵੇਗਾ। ਇਸ ਮੌਕੇ ਕਸ਼ਮੀਰ ਸਿੰਘ ਘੁੱਗਸ਼ੋਰ, ਬਲਵਿੰਦਰ ਕੌਰ ਦਿਆਲਪੁਰ ਅਤੇ ਹਰਪ੍ਰੀਤ ਕੌਰ ਨੁਸੀ ਨੇ ਕਿਹਾ ਕਿ ਕੇਂਦਰ ਸਰਕਾਰ ਜੰਗਲ ਅਤੇ ਜ਼ਮੀਨ ਸਮੇਤ ਹੋਰ ਖਣਿਜ ਪਦਾਰਥ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨਾ ਚਾਹੁੰਦੀ ਹੈ। ਆਗੂਆਂ ਨੇ ਐਲਾਨ ਕੀਤਾ ਕਿ ਦਿੱਲੀ ਮੋਰਚੇ ਵੱਲੋਂ ਆਏ ਹਰ ਸੱਦੇ ਨੂੰ ਕਾਮਯਾਬ ਕਰਨਗੇ।
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਸਮਾਜ ਸੇਵੀ ਜਥੇਬੰਦੀ ਲੋਕ ਇਨਕਲਾਬ ਮੰਚ ਨੇ ਦਿੱਲੀ ਦੇ ਸਿੰਘੂ ਬਾਰਡਰ ’ਤੇ ਕਿਸਾਨਾਂ ਲਈ ਪੱਕੀ ਰਿਹਾਇਸ਼ ਦਾ ਪ੍ਰਬੰਧ ਕੀਤਾ ਹੈ। ਮੰਚ ਦੇ ਪ੍ਰਧਾਨ ਮਨਜੀਤ ਸਿੰਘ ਖਾਲਸਾ ਅਤੇ ਸਰਪ੍ਰਸਤ ਹਰਦੀਪ ਖੁੱਡਾ ਨੇ ਦੱਸਿਆ ਕਿ ਪਰਵਾਸੀ ਪੰਜਾਬੀ ਮਨੀ ਸਿੰਘ ਕੈਨੇਡਾ, ਦੀਪ ਕੰਪਲੈਕਸ ਪ੍ਰਬੰਧਕਾਂ ਅਤੇ ਹੋਰਨਾਂ ਦੀ ਮਦਦ ਨਾਲ 15 ਹੋਰ ਟੈਂਟ ਅਤੇ ਬਿਸਤਰੇ ਆਦਿ ਭੇਜੇ ਗਏ ਹਨ। ਮੰਚ ਵੱਲੋਂ ਸਿੰਘੂ ਬਾਰਡਰ ਨੇੜੇ 60 ਹਜ਼ਾਰ ਰੁਪਏ ਪ੍ਰਤੀ ਮਹੀਨਾ ਇਕ ਕੈਂਪਸ ਕਿਰਾਏ ’ਤੇ ਲੈ ਕੇ ਉਥੇ 1200 ਕਿਸਾਨਾਂ ਦੀ ਰਿਹਾਇਸ਼ ਦਾ ਪੱਕਾ ਪ੍ਰਬੰਧ ਕੀਤਾ ਗਿਆ ਹੈ।
ਰੰਗਕਰਮੀਆਂ ਦਾ ਗਰੁੱਪ ਦਿੱਲੀ ਗਿਆ
ਅੰਮ੍ਰਿਤਸਰ (ਪੱਤਰ ਪ੍ਰੇਰਕ): ਦਿੱਲੀ ਦੀਆਂ ਵੱਖ ਵੱਖ ਸਰਹੱਦਾਂ ’ਤੇ ਕਿਸਾਨਾਂ ਦੇ ਚੱਲ ਰਹੇ ਅੰਦੋਲਨ ਵਿਚ ਸ਼ਾਮਲ ਹੋਣ ਲਈ ਰੰਗਕਰਮੀਆਂ ਦਾ ਗਰੁੱਪ ਮੰਚਪ੍ਰੀਤ ਦੀ ਅਗਵਾਈ ਹੇਠ ਦਿੱਲੀ ਲਈ ਰਵਾਨਾ ਹੋਇਆ। ਇਹ ਗਰੁੱਪ ਤਿੰਨ ਦਿਨ ਸਿੰਘੂ ਬਾਰਡਰ, ਟਿਕਰੀ ਬਾਰਡਰ, ਕੁੰਡਲੀ ਬਾਰਡਰ ’ਤੇ ਜਾ ਕੇ ਨਾਟਕ ਅਤੇ ਇਨਕਲਾਬੀ ਗੀਤਾਂ ਦੀ ਪੇਸ਼ਕਾਰੀ ਕਰੇਗਾ। ਮੰਚਪ੍ਰੀਤ ਨੇ ਦੱਸਿਆ ਕਿ 6 ਜਨਵਰੀ ਨੂੰ ਸਵੇਰੇ ਨਾਟਕਕਾਰ ਗੁਰਦਿਆਲ ਸਿੰਘ ਫੁੱਲ ਦੇ ਨਾਟਕ ‘ਜਿਨ ਸਚ ਪੱਲੇ ਹੋਵੇ’ ਦੀ ਪੇਸ਼ਕਾਰੀ ਹੋਵੇਗੀ। ਇਸ ਗਰੁੱਪ ਵਿਚ ਕਲਾਕਾਰ ਸਰਬਜੀਤ ਸਿੰਘ ਲਾਡਾ, ਮਾਸਟਰ ਕੁਲਜੀਤ ਸਿੰਘ, ਕਿਰਨ ਕਲਿਆਣ, ਲੱਕੀ ਲੰਕੇਸ਼ ਤੇ ਵਿਕਾਸ ਸੋਨੂੰ ਵੀ ਸ਼ਾਮਲ ਹਨ।
ਖੇਤ ਮਜ਼ਦੂਰਾਂ ਨੇ ਮੋਦੀ ਦਾ ਪੁਤਲਾ ਫੂਕਿਆ
ਸ਼ਾਹਕੋਟ ( ਗੁਰਮੀਤ ਖੋਸਲਾ): ਪੰਜਾਬ ਖੇਤ ਮਜ਼ਦੂਰ ਯੂਨੀਅਨ ਦੀ ਇਕਾਈ ਮਲਸੀਆਂ ਨੇ ਪਿੰਡ ਵਿੱਚ ਰੋਸ ਮੁਜ਼ਾਹਰਾ ਕਰਨ ਤੋਂ ਬਾਅਦ ਬੱਸ ਅੱਡੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਫੂਕਿਆ। ਯੂਨੀਅਨ ਦੇ ਇਲਾਕਾ ਸਕੱਤਰ ਸੁਖਜਿੰਦਰ ਲਾਲੀ ਨੇ ਇਕੱਠ ਨੂੰ ਸੰਬੋਧਨ ਕਰਦੇ ਖੇਤੀ ਕਾਨੂੰਨਾਂ ਨੂੰ ਬੇਜ਼ਮੀਨੇ ਅਤੇ ਦਲਿਤਾਂ ਲਈ ਘਾਤਕ ਦੱਸਦੇ ਹੋਏ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਲਈ ਮੋਦੀ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕਿਹਾ ਕਿ ਇੰਨ੍ਹਾਂ ਕਾਨੂੰਨਾਂ ਨਾਲ ਜਨਤਕ ਵੰਡ ਪ੍ਰਣਾਲੀ ਅਤੇ ਮਜ਼ਦੂਰਾਂ ਦਾ ਰੁਜ਼ਗਾਰ ਖਤਮ ਹੋ ਜਾਵੇਗਾ। ਇਸ ਮੌਕੇ ਜਸਵੀਰ ਸਿੰਘ ਜੱਸ, ਬਲਵੰਤ ਮਲਸੀਆਂ, ਨਿਰਮਲ ਸਿੰਘ ਸਰਾਭਾ, ਪਰਮਜੀਤ ਸਿੰਘ ਸਿੱਧੂ ਅਤੇ ਮੋਹਨ ਸਿੰਘ ਭਾਰਦਵਾਜ ਨੇ ਵੀ ਸੰਬੋਧਨ ਕੀਤਾ।