ਪੱਤਰ ਪ੍ਰੇਰਕ
ਆਦਮਪੁਰ ਦੋਆਬਾ, 12 ਜੁਲਾਈ
ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਸੂਬੇ ਦੇ ਹਰ ਪਿੰਡ ਵਿੱਚ ਸਾਫ਼ ਅਤੇ ਪੀਣ ਯੋਗ ਪਾਣੀ ਦੀ ਉਪਲਬੱਧਤਾ ਲਈ ‘ਵਿਲੇਜ ਐਕਸ਼ਨ ਪਲਾਨ’ ਤਹਿਤ ਵਿਉਂਤਬੰਦੀ ਉਲੀਕੀ ਜਾ ਚੁੱਕੀ ਹੈ। ਇਸ ਨੂੰ ਮੁਕੰਮਲ ਕਰਨ ਲਈ ਦੋ ਮਹੀਨਿਆਂ ਦਾ ਟੀਚਾ ਰੱਖਿਆ ਗਿਆ ਹੈ। ਸ੍ਰੀ ਜਿੰਪਾ ਨੇ ਕਿਹਾ ਕਿ ‘ਵਿਲੇਜ ਐਕਸ਼ਨ ਪਲਾਨ’ ਤਹਿਤ ਸਾਰੇ 12,000 ਪਿੰਡਾਂ ਵਿੱਚ ਵੱਖ-ਵੱਖ ਕੰਮਾਂ ਨੂੰ ਤਰਜੀਹ ਦੇ ਕੇ 100 ਫ਼ੀਸਦੀ ਘਰਾਂ ਨੂੰ ਪਾਣੀ ਦੇ ਕੁਨੈਕਸ਼ਨ, ਪਿੰਡਾਂ ਵਿੱਚ ਪਾਈਪਾਂ ਵਿਛਾਉਣਾ, ਪੀਣ ਵਾਲੇ ਪਾਣੀ ਦੇ ਸੋਮਿਆਂ ਨੂੰ ਹੋਰ ਮਜ਼ਬੂਤ ਕਰਨਾ, ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਆਦਿ ਮੁੱਖ ਤੌਰ ’ਤੇ ਸ਼ਾਮਲ ਹੈ।