ਪੱਤਰ ਪ੍ਰੇਰਕ
ਚੰਡੀਗੜ੍ਹ, 16 ਮਈ
ਕਲਾਸ ਫੋਰ ਗੌਰਮਿੰਟ ਐਂਪਲਾਈਜ਼ ਯੂਨੀਅਨ ਪੰਜਾਬ ਦੀ ਪਨਸਪ ਮੁਲਾਜ਼ਮਾਂ ਦੀਆਂ ਮੰਗਾਂ ਸਬੰਧੀ ਅੱਜ ਮੈਨੇਜਿੰਗ ਡਾਇਰੈਕਟਰ ਪਨਸਪ ਮੋਹਿੰਦਰ ਪਾਲ ਨਾਲ ਗੱਲਬਾਤ ਹੋਈ। ਮੀਟਿੰਗ ਦੌਰਾਨ ਅਧਿਕਾਰੀਆਂ ਵੱਲੋਂ ਅਪੀਲ ਕੀਤੀ ਗਈ ਕਿ ਵਿਚਾਰੀਆਂ ਮੰਗਾਂ ’ਤੇ ਅਮਲ ਕਰਨ ਲਈ ਨਿਗਮ ਨੂੰ ਇੱਕ ਮਹੀਨੇ ਦਾ ਸਮਾਂ ਦਿੱਤਾ ਜਾਵੇ ਤੇ ਧਰਨਾ ਰੱਦ ਕੀਤਾ ਜਾਵੇ। ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ, ਸਕੱਤਰ ਜਨਰਲ ਰਣਜੀਤ ਸਿੰਘ ਰਾਣਵਾਂ, ਫੈੱਡਰੇਸ਼ਨ ਦੇ ਸੂਬਾਈ ਆਗੂ ਕਰਤਾਰ ਸਿੰਘ ਪਾਲ, ਚੰਡੀਗੜ੍ਹ ਇਕਾਈ ਦੇ ਪ੍ਰਧਾਨ ਕ੍ਰਿਸ਼ਨ ਪ੍ਰਸਾਦ ਆਦਿ ਨੇ ਦੱਸਿਆ ਕਿ ਮੀਟਿੰਗ ਵਿੱਚ ਪੁੱਜੇ ਜ਼ਿਲ੍ਹਾ ਆਗੂਆਂ ਨਾਲ ਗੱਲਬਾਤ ਕਰਨ ਮਗਰੋਂ 17 ਮਈ ਨੂੰ ਪਨਸਪ ਦੇ ਮੁੱਖ ਦਫ਼ਤਰ ਚੰਡੀਗੜ੍ਹ ਅੱਗੇ ਦਿੱਤਾ ਜਾਣ ਵਾਲਾ ਧਰਨਾ ਇੱਕ ਮਹੀਨੇ ਲਈ ਮੁਲਤਵੀ ਕੀਤਾ ਗਿਆ। ਮੁਲਾਜ਼ਮਾਂ ਨੇ ਤਨਖ਼ਾਹ ਕਮਿਸ਼ਨ ਲਾਗੂ ਕਰਨ, ਕੱਚੇ ਕਾਮਿਆਂ ਨੂੰ ਪੱਕਾ ਕਰਨ ਅਤੇ ਘੱਟੋ-ਘੱਟ ਉਜਰਤਾਂ ਯੂਟੀ ਪੈਟਰਨ ’ਤੇ ਲਾਗੂ ਕਰਨ ਸਣੇ ਇੱਕ ਦਰਜਨ ਮੰਗਾਂ ਰੱਖੀਆਂ ਹਨ।